ਮਿਸ਼ਨ ਫ਼ਤਿਹ : ਪਿੰਡ ਤਾਜੋਕੇ ਦੇ ਨੌਜਵਾਨ ਨੇ ਕੋਰੋਨਾ ਨੂੰ ਦਿੱਤੀ ਮਾਤ

06/03/2020 3:24:34 PM

ਤਪਾ ਮੰਡੀ (ਸ਼ਾਮ,ਗਰਗ): ਬਰਨਾਲਾ ਜ਼ਿਲ੍ਹੇ ਲਈ ਇਹ ਰਾਹਤ ਭਰੀ ਖਬਰ ਹੈ ਕਿ ਤਪਾ ਨੇੜਲੇ ਪਿੰਡ ਤਾਜੋਕੇ ਦੇ 18 ਸਾਲਾ ਨੌਜਵਾਨ ਜਸਵੀਰ ਸਿੰਘ ਨੇ ਕੋਵਿਡ-19 'ਤੇ ਫਤਿਹ ਪ੍ਰਾਪਤ ਕਰਦਿਆਂ ਤੰਦਰੁਸਤ ਹੋ ਕੇ ਸੁਖਦ ਘਰ ਵਾਪਸੀ ਕੀਤੀ ਹੈ। ਬਰਨਾਲਾ ਦੇ ਸੋਹਲ ਪੱਤੀ ਆਈਸੋਲੇਸ਼ਨ ਕੇਂਦਰ ਤੋਂ ਪਿੰਡ ਤਾਜੋਕੇ ਦੇ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਪਹੁੰਚਣ 'ਤੇ ਜਸਵੀਰ ਸਿੰਘ ਨੂੰ ਸੀਨੀਅਰ ਮੈਡੀਕਲ ਅਫਸਰ ਜਸਵੀਰ ਸਿੰਘ ਔਲਖ ਨੇ ਗੁਲਦਸਤਾ ਭੇਂਟ ਕੀਤਾ ਅਤੇ ਸਿਹਤ ਕਰਮਚਾਰੀਆਂ, ਪੰਚਾਇਤ ਤੇ ਪਰਿਵਾਰਕ ਮੈਂਬਰਾਂ ਵਲੋਂ ਤਾੜੀਆਂ ਵਜਾ ਕੇ ਉਸਦਾ ਸਵਾਗਤ ਕੀਤਾ ਗਿਆ। ਭਾਵੁਕ ਮਾਹੌਲ ਵਿਚ ਮਾਪਿਆਂ ਨੇ ਡਾਕਟਰੀ ਸਟਾਫ ਤੇ ਸਿਹਤ ਵਿਭਾਗ ਵਲੋਂ ਇਲਾਜ ਦੌਰਾਨ ਜਸਵੀਰ ਸਿੰਘ ਦੀ ਵਧੀਆ ਦੇਖਭਾਲ ਕਰਨ ਅਤੇ ਤੰਦਰੁਸਤ ਘਰ ਵਾਪਸੀ 'ਤੇ ਖੁਸ਼ੀ ਜਾਹਰ ਕੀਤੀ ਅਤੇ ਧੰਨਵਾਦ ਕੀਤਾ।

ਐੱਸ.ਐੱਮ.ਓ. ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਪਿੰਡ ਤਾਜੋਕੇ ਦੇ ਨੌਜਵਾਨ ਦੀ ਕੋਵਿਡ ਟੈਸਟ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਸਦਾ ਸਵਾਗਤ ਕੀਤਾ ਗਿਆ ਹੈ ਅਤੇ ਉਸਦੀ ਤੰਦਰੁਸਤੀ ਤੇ ਲੰਮੀ ਉਮਰ ਲਈ ਸ਼ੁਭਕਾਮਨਾਵਾਂ ਭੇਂਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੀ ਅਗਵਾਈ ਵਿਚ ਕੋਵਿਡ-19 ਨੂੰ ਲਗਾਤਾਰ ਮਾਤ ਦਿੱਤੀ ਜਾ ਰਹੀ ਹੈ ਅਤੇ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।ਡਾ. ਔਲਖ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਨੱਕ ਤੇ ਮੂੰਹ ਮਾਸਕ ਜਾਂ ਰੁਮਾਲ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖਣ, ਆਪਣੇ ਹੱਥਾਂ ਨੂੰ ਦਿਨ 'ਚ ਕਈ ਵਾਰ ਚੰਗੀ ਤਰ੍ਹਾਂ ਸਾਬਣ ਤੇ ਸਾਫ ਪਾਣੀ ਜਾਂ ਸੈਨੀਟਾਈਜ਼ਰ ਨਾਲ ਸਾਫ ਕਰਨ, ਸਰੀਰਕ ਦੂਰੀ ਬਣਾਕੇ ਰੱਖਣ ਦੀ ਲੋੜ ਹੈ। ਜੇਕਰ ਕੋਈ ਸ਼ੱਕੀ ਮਰੀਜ਼ ਹੋਵੇ ਤਾਂ ਟੈਸਟ ਕਰਾਉਣ ਦੀ ਲੋੜ ਹੈ।


Shyna

Content Editor

Related News