ਤਾਂਤਰਿਕਾਂ ਨੇ ਔਰਤ ਕੋਲੋਂ ਠੱਗੇ 3.5  ਲੱਖ

07/17/2018 6:55:30 AM

ਫਗਵਾੜਾ, (ਜਲੋਟਾ, ਹਰਜੋਤ)- ਫਗਵਾੜਾ ’ਚ ਧੋਖਾਦੇਹੀ  ਦੇ ਰਚੇ ਗਏ ਬੇਹੱਦ ਦਿਲਚਸਪ ਮਾਮਲੇ  ’ਚ 4 ਦੋਸ਼ੀ ਤਾਂਤਰਿਕਾਂ ਵੱਲੋਂ ਇਕ ਭੋਲੀ ਭਾਲੀ ਔਰਤ ਨਾਲ 3,50,000 ਰੁਪਏ ਠੱਗੀ ਮਾਰਨ  ਦਾ ਮਾਮਲਾ  ਸਾਹਮਣੇ ਆਇਆ ਹੈ ।  ‘ਜਗ ਬਾਣੀ’ ਨਾਲ ਗੱਲਬਾਤ ਕਰਦੇ  ਹੋਏ ਪੁਲਸ ਥਾਣਾ ਸਿਟੀ  ਦੇ ਐੱਸ. ਐੱਚ. ਓ. ਜਤਿੰਦਰਜੀਤ ਸਿੰਘ  ਨੇ ਸੰਪਰਕ ਕਰਨ ’ਤੇ ਮਾਮਲੇ ਦੀ  ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਨੇ ਮਾਮਲੇ ਸਬੰਧੀ 2 ਦੋਸ਼ੀ ਤਾਂਤਰਿਕਾਂ ਜਿਨ੍ਹਾਂ  ਦੀ  ਪਛਾਣ ਇਕਨਾਮੁਦੀਨ ਅਤੇ ਸਦਵ ਹੈ, ਨੂੰ ਗਿ੍ਫਤਾਰ ਕਰ ਲਿਆ ਹੈ,  ਜਦ ਕਿ ਇਨ੍ਹਾਂ ਦੇ ਸਾਥੀ  ਦੱਸੇ ਜਾਂਦੇ 2 ਸਾਥੀ ਤਾਂਤਰਿਕਾਂ ਜੋ ਸਕੇ ਭਰਾ ਹਨ, ਦੀ ਪਛਾਣ ਮਹਿਮੂਦ ਅਤੇ  ਨਵੀਰ ਵਜੋਂ ਦੱਸੀ ਜਾਂਦੀ ਹੈ, ਦੀ ਤਲਾਸ਼ ’ਚ ਪੁਲਸ ਛਾਪੇਮਾਰੀ ਕਰ ਰਹੀ ਹੈ।  
ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਪੁਲਸ ਥਾਣਾ ਸਿਟੀ ਨੂੰ  ਉਕਤ ਤਾਂਤਰਿਕਾਂ ਦਾ ਸ਼ਿਕਾਰ ਬਣੀ ਕੁਲਵੀਰ ਕੌਰ ਪਤਨੀ ਗੁਰਿੰਦਰ ਸਿੰਘ  ਵਾਸੀ ਕਮਲ  ਇਨਕਲੇਵ ਕਪੂਰਥਲਾ ਨੇ ਖੁਲਾਸਾ ਕੀਤਾ ਹੈ ਕਿ ਸਬੰਧਿਤ ਤਾਂਤਰਿਕਾਂ ਨੇ ਉਸਨੂੰ ਇਹ ਕਹਿਕੇ  ਧੋਖਾਦੇਹੀ  ਦੇ ਜਾਲ ’ਚ ਫਸਾ ਲਿਆ ਕਿ ਉਸਦੇ ਘਰ ’ਚ ਕਰੀਬ 22 ਕਿਲੋ ਸੋਨਾ ਗੁਪਤ  ਸਥਾਨ ਉੱਤੇ ਦਬਿਆ ਪਿਆ ਹੈ । ਉਸਨੇ ਦੱਸਿਆ ਕਿ ਦੋਸ਼ੀਅਾਂ ਨੇ ਇਸ ਨੂੰ ਆਧਾਰ ਬਣਾ  ਕੇ  ਉਸ ਤੋਂ  ਕਿਸ਼ਤਾਂ ਵਿਚ ਕੁਲ 3,50,000 ਰੁਪਏ  ਦੇ ਕਰੀਬ ਠੱਗ ਲਏ।  ਇਸ ਦੌਰਾਨ ਉਸਨੂੰ ਤਾਂਤਰਿਕਾਂ  ਨੇ ਦੱਸਿਆ ਕਿ ਜੇਕਰ ਉਹ ਚਾਹੁੰਦੀ ਹੈ ਕਿ ਉਸਦੇ ਘਰ ’ਚ ਗੁਪਤ ਸਥਾਨ ਉੱਤੇ ਪਿਆ ਸੋਨੇ  ਦਾ ਪਤਾ  ਲਗ ਜਾਏ ਤਾਂ ਉਸਨੂੰ 31 ਊਂਠਾਂ ਦੀ ਕੁਰਬਾਨੀ ਵੀ  ਦੇਣੀ ਪਵੇਗੀ । ਤਾਂਤਰਿਕਾਂ ਨੇ ਉਸਦੇ ਘਰ ਦੀ ਵੀ ਕਈ ਜਗ੍ਹਾ ਦੀ ਖੁਦਾਈ ਕਰਵਾ ਦਿੱਤੀ ਪਰ ਉਸਨੂੰ ਅੱਜ ਤਕ ਕੋਈ ਸੋਨਾ ਨਹੀਂ ਮਿਲਿਆ। 
ਐੱਸ. ਐੱਚ. ਓ. ਜਤਿੰਦਰਜੀਤ ਸਿੰਘ  ਨੇ ਦੱਸਿਆ ਕਿ  ਉਕਤ  ਤਾਂਤਰਿਕਾਂ ਮਹਿਮੂਦ, ਨਾਵੀਰ, ਇਕਰਾਮੁਦੀਨ ਅਤੇ ਸਦਵ  ਦੇ ਖਿਲਾਫ ਪੁਲਸ ਥਾਣਾ ਸਿਟੀ ’ਚ ਦਿ ਡਰਗਜ਼ ਐਂਡ ਮੈਜਿਕ ਰੈਮਿਡੀਜ ਏਕਟ 1954  ਦੇ ਸੈਕਸ਼ਨ 5 (3), ਧਾਰਾ 420, 406  ਆਈ. ਪੀ. ਸੀ.  ਦੇ ਤਹਿਤ ਪੁਲਸ ਨੇ ਕੇਸ ਦਰਜ ਕਰ ਲਿਆ ਹੈ ।  ਪੁਲਸ ਮਾਮਲੇ ਦੀ ਜਾਂਚ ਕਰ  ਰਹੀ ਹੈ ।
 


Related News