ਗਊ ਹੱਤਿਆ ਕਾਂਡ ਦੇ ਵਿਰੋਧ ’ਚ ਟਾਂਡਾ ਸ਼ਹਿਰ ਇੱਕ ਵਜੇ ਤੱਕ ਮੁਕੰਮਲ ਬੰਦ
Thursday, Mar 17, 2022 - 11:58 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ) : ਬੀਤੇ ਦਿਨੀਂ ਟਾਂਡਾ ਵਿਖੇ ਹੋਏ ਗਊ ਹੱਤਿਆ ਕਾਂਡ ਦੇ ਵਿਰੋਧ ’ਚ ਅੱਜ ਸ਼ਹਿਰ ਵਾਸੀਆਂ ਵੱਲੋਂ ਮੇਨ ਬਾਜ਼ਾਰ ਅਤੇ ਹੋਰ ਦੁਕਾਨਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤਕ ਰੋਸ ਪ੍ਰਗਟ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ ਰਾਈ ਹੈ। ਇਸ ਮੌਕੇ ਸ੍ਰੀ ਗੋਬਿੰਦ ਗਊਧਾਮ ਦਾਰਾਪੁਰ ਟਾਂਡਾ ਵਿਖੇ ਪਸ਼ਚਾਤਾਪ ਸਮਾਗਮ ਕੀਤਾ ਗਿਆ, ਜਿਸ ’ਚ ਗਊ ਭਗਤਾਂ ਨੇ ਸ਼੍ਰੀ ਸੁੰਦਰਕਾਂਡ ਦੇ ਪਾਠ ਕਰਵਾਏ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ।
ਇੱਥੇ ਦੱਸ ਦਈਏ ਕਿ ਬੀਤੇ ਦਿਨੀਂ ਟਾਂਡਾ ’ਚ ਹੋਏ ਗਊ ਕਤਲਕਾਂਡ ਦੇ ਮਾਮਲੇ ਨੂੰ ਪੁਲਸ ਨੇ 36 ਘੰਟਿਆਂ ਦੇ ਅੰਦਰ ਹੀ ਟਰੇਸ ਕਰਦਿਆਂ ਮਾਸ ਸਮੱਗਲਿੰਗ ਕਰਨ ਵਾਲੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧ ’ਚ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਲੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ 11-12 ਮਾਰਚ ਦੀ ਦਰਮਿਆਨੀ ਰਾਤ ਨੂੰ ਪਿੰਡ ਢਡਿਆਲਾ ਥਾਣਾ ਟਾਂਡਾ ਦੀ ਰੇਲਵੇ ਲਾਈਨ ਕੋਲ ਰਾਤ ਵੇਲੇ 17 ਗਊਆਂ ਤੇ ਬਲਦਾਂ ਨੂੰ ਮਾਰ ਕੇ ਉਨ੍ਹਾਂ ਦੇ ਪਿੰਜਰ ਰੇਲਵੇ ਲਾਈਨ ਕੋਲ ਸੁੱਟ ਦਿੱਤੇ ਸਨ। ਘਟਨਾ ਬਹੁਤ ਹੀ ਸਨਸਨੀਖੇਜ਼ ਤੇ ਦੁਖਦਾਇਕ ਸੀ।
ਘਟਨਾ ਦੀ ਜਾਣਕਾਰੀ ਉਪਰੰਤ ਡੀ. ਜੀ. ਪੀ. ਪੰਜਾਬ ਚੰਡੀਗੜ੍ਹ ਅਤੇ ਆਈ. ਜੀ. ਜਲੰਧਰ ਅਰੁਨਪਾਲ ਵੱਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ ਅਪਰਾਧੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਲਈ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਕਿਉਂਕਿ ਘਟਨਾ ਦਾ ਏਰੀਆ ਰੇਲਵੇ ਪੁਲਸ ਨਾਲ ਸੰਬੰਧਤ ਸੀ।