ਘਰ ਬੈਠ ਕੇ ਪਿਉ-ਪੁੱਤ ਲਵਾ ਰਹੇ ਸਨ ਤਾਮਿਲਨਾਡੂ ਪ੍ਰੀਮੀਅਰ ਲੀਗ ਮੈਚਾਂ ’ਤੇ ਸੱਟਾ

Friday, Jul 20, 2018 - 06:25 AM (IST)

ਲੁਧਿਆਣਾ, (ਰਿਸ਼ੀ)- ਤਾਮਿਲਨਾਡੂ ਪ੍ਰੀਮੀਅਰ ਲੀਗ ਦੇ ਮੈਂਚਾਂ ’ਤੇ ਘਰ ’ਚ ਬੈਠ ਕੇ ਸੱਟਾ ਲਗਵਾ ਰਹੇ  ਪਿਉ-ਪੁੱਤ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਹੱਥੇ ਚਡ਼੍ਹ ਗਏ, ਜਦੋਂਕਿ ਉਨ੍ਹਾਂ ਦੇ ਤਿੰਨ ਪਾਰਟਨਰ ਫਰਾਰ ਹਨ। ਪੁਲਸ ਨੇ ਪਿਉ-ਪੁੱਤ ਦੇ ਕੋਲੋਂ 1.34 ਲੱਖ ਕੈਸ਼, 13 ਮੋਬਾਇਲ ਫੋਨ, ਮਿੰਨੀ ਟੈਲੀਫੋਨ ਐਕਸਚੇਂਜ ਬਰਾਮਦ ਕਰ ਕੇ ਧਾਰਾ 420, 120-ਬੀ, ਗੈਂਬਲਿੰਗ ਐਕਟ  ਤਹਿਤ ਵੱਖ-ਵੱਖ ਧਾਰਾਵਾਂ ਵਿਚ ਕੇਸ ਦਰਜ ਕੀਤਾ ਹੈ।
 ਉਪਰੋਕਤ ਜਾਣਕਾਰੀ ਏ. ਡੀ. ਸੀ. ਪੀ.-3, ਏ. ਸੀ. ਪੀ. ਸਿਵਲ ਲਾਈਨ ਧਰਮਪਾਲ ਅਤੇ ਥਾਣਾ ਮੁਖੀ ਇੰਸਪੈਕਟਰ ਵਿਨੋਕ ਕੁਮਾਰ ਨੇ ਪੱਤਰਕਾਰ ਮਿਲਣੀ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫਡ਼ੇ ਗਏ ਦੋਸ਼ੀਆਂ ਦੀ ਪਛਾਣ ਰਾਜ ਕੁਮਾਰ ਉਮਰ 45 ਸਾਲ ਨਿਵਾਸੀ ਚਿੱਟੇ ਕੁਆਰਟਰ ਧੂਰੀ ਲਾਈਨ ਅਤੇ ਉਸ ਦੇ ਬੇਟੇ ਦਿਵਾਂਸ਼ੂ ਮਲਹੋਤਰਾ ਉਮਰ 22 ਸਾਲ ਅਤੇ ਫਰਾਰ ਦੀ ਪਛਾਣ ਕਲਸੀਆਂ ਵਾਲੀ ਗਲੀ ਦੇ ਰਹਿਣ ਵਾਲੇ ਰਮੇਸ਼ ਕੁਮਾਰ, ਇਸਲਾਮਗੰਜ ਦੇ ਰਹਿਣ ਵਾਲੇ ਟੋਨੀ ਅਤੇ ਹੈਬੋਵਾਲ ਦੇ ਰਹਿਣ ਵਾਲੇ ਕਾਕਾ ਵਜੋਂ ਹੋਈ ਹੈ। 
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਆਪਣੇ ਘਰ ’ਚ ਮੈਚਾਂ ’ਤੇ ਸੱਟਾ ਲਗਵਾ ਰਹੇ ਹਨ, ਜਿਸ ’ਤੇ ਤੁਰੰਤ  ਕਾਰਵਾਈ ਕਰਦੇ ਹੋਏ ਚੌਕੀ ਆਤਮ ਪਾਰਕ ਦੇ ਏ. ਐੱਸ. ਆਈ. ਧਮਿੰਦਰ ਵੱਲੋਂ ਰੇਡ ਕਰ ਕੇ ਉਨ੍ਹਾਂ ਨੂੰ ਦਬੋਚਿਆ ਗਿਆ। ਪੁਲਸ ਮੁਤਾਬਕ ਦੋਵਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫਰਾਰ ਤਿੰਨੋਂ ਪਿਉ-ਪੁੱਤ ਦੇ ਪਾਰਟਨਰ ਹਨ। ਪੁਲਸ ਉਨ੍ਹਾਂ ਦੀ ਭਾਲ ’ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।
ਇਕ ਸਮੇਂ  10 ਲੋਕਾਂ ਨਾਲ ਹੁੰਦੀ ਸੀ ਗੱਲ
ਪੁਲਸ ਮੁਤਾਬਕ ਜੋ ਮਿੰਨੀ ਟੈਲੀਫੋਨ ਐਕਸਚੇਂਜ ਬਰਾਮਦ ਹੋਈ ਹੈ, ਉਸ ਵਿਚ 10 ਮੋਬਾਇਲ ਫੋਨ ਲੱਗੇ ਹੋਏ ਸਨ, ਜਦੋਂਕਿ ਮਿੰਨੀ ਐਕਸਚੇਂਜ ਵਿਚ ਇਕੋ ਸਮੇਂ 28 ਫੋਨ ਲੱਗ ਸਕਦੇ ਹਨ। ਸ਼ਾਤਰ ਹੱਥ ’ਚ ਮਾਈਕ ਫਡ਼ ਕੇ ਜੋ ਕੁੱਝ ਵੀ ਬੋਲਦਾ ਸੀ, ਉਹ ਉਸ ਦੇ ਸਾਰੇ ਗਾਹਕਾਂ ਤੱਕ ਇਕੱਠੇ ਪਹੁੰਚਦੀ ਸੀ।
4 ਮਹੀਨੇ ਪਹਿਲਾਂ ਕੀਤਾ ਫਿਰ ਕੰਮ ਸ਼ੁਰੂ
ਏ. ਐੱਸ. ਆਈ. ਧਮਿੰਦਰ ਮੁਤਾਬਕ ਰਾਜ ਕੁਮਾਰ ਖਿਲਾਫ ਥਾਣਾ ਮਾਡਲ ਟਾਊਨ ਵਿਚ ਸਾਲ 2010 ਅਤੇ ਸਾਲ 2013 ਵਿਚ ਕੇਸ ਦਰਜ ਹੋਏ ਸਨ। ਉਸ ਸਮੇਂ ਜੇਲ ਤੋਂ ਜ਼ਮਾਨਤ ’ਤੇ ਆਉਣ ਤੋਂ ਬਾਅਦ ਮੈਚਾਂ ’ਤੇ ਸੱਟੇ ਦਾ ਕੰਮ ਬੰਦ ਕਰ ਦਿੱਤਾ ਸੀ ਪਰ 4 ਮਹੀਨੇ ਪਹਿਲਾਂ ਫਿਰ ਕੰਮ ਸ਼ੁਰੂ ਕਰ ਦਿੱਤਾ, ਜਿਸ ’ਤੇ ਪੁਲਸ ਨੇ ਉਨ੍ਹਾਂ ਨੂੰ ਰੇਡ ਕਰ ਕੇ ਦਬੋਚ ਲਿਆ।


Related News