ਜਾਗੋ ਦੌਰਾਨ ਚੱਲ ਗਈ ਗੋਲ਼ੀ, ਯਾਰਾਂ ਨੇ ਵੀ ਗੋਲ਼ੀ ਕਢਵਾਏ ਬਗੈਰ ਹੀ ਲਵਾ ਦਿੱਤੇ ਟਾਂਕੇ
Friday, Feb 06, 2026 - 07:17 PM (IST)
ਲੁਧਿਆਣਾ (ਰਾਜ): ਖੁੱਡ ਮੁਹੱਲਾ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਵਿਆਹ ਸਮਾਗਮ ਦੀਆਂ ਖੁਸ਼ੀਆਂ ਗੋਲੀਆਂ ਦੀ ਗੜਗੜਾਹਟ ਵਿਚ ਬਦਲ ਗਈਆਂ। ਇੱਥੇ ਆਪਣੇ ਦੋਸਤ ਦੀ ਭੈਣ ਦੀ ਜਾਗੋ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਆਏ ਸਹਿਜਪ੍ਰੀਤ ਸਿੰਘ ਨੂੰ ਡਾਂਸ ਕਰਦੇ ਸਮੇਂ ਅਚਾਨਕ ਗੋਲੀ ਲੱਗ ਗਈ। ਪਰ ਇਸ ਮਾਮਲੇ ਵਿਚ ਜੋ ਸਭ ਤੋਂ ਹੈਰਾਨ ਕਰਨ ਵਾਲਾ ਮੋੜ ਆਇਆ, ਜਦੋਂ ਗੋਲੀ ਲੱਗਣ ਤੋਂ ਬਾਅਦ ਜ਼ਖ਼ਮੀ ਨੂੰ ਸੰਭਾਲਣ ਦੀ ਬਜਾਏ ਮੁਲਜ਼ਮਾਂ ਨੇ ਉਸ ਨੂੰ ਬਚਾਉਣ ਦੇ ਨਾਂ 'ਤੇ ਇਕ ਅਜਿਹੀ ਸਾਜ਼ਿਸ਼ ਰਚੀ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ।
ਪੀੜਤ ਦੇ ਪਿਤਾ ਸੰਦੀਪ ਸਿੰਘ ਨੇ ਮੀਡੀਆ ਸਾਹਮਣੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਗੋਲੀ ਲੱਗੀ, ਤਾਂ ਉੱਥੇ ਮੌਜੂਦ ਉਸ ਦੇ ਦੋਸਤਾਂ ਨੇ ਪਰਿਵਾਰ ਨੂੰ ਸੂਚਿਤ ਕਰਨਾ ਵੀ ਵਾਜਬ ਨਹੀਂ ਸਮਝਿਆ। ਮੁਲਜ਼ਮ ਨੌਜਵਾਨ ਜ਼ਖ਼ਮੀ ਸਹਿਜਪ੍ਰੀਤ ਨੂੰ ਭਾਜੜਾਂ ਵਿੱਚ ਸ਼ਹਿਰ ਦੇ ਇੱਕ ਦੂਰ ਸਥਿਤ ਪ੍ਰਾਈਵੇਟ ਹਸਪਤਾਲ ਲੈ ਗਏ। ਉੱਥੇ ਉਨ੍ਹਾਂ ਨੇ ਨਾ ਸਿਰਫ਼ ਆਪਣਾ ਅਤੇ ਜ਼ਖ਼ਮੀ ਦਾ ਗ਼ਲਤ ਨਾਮ ਅਤੇ ਪਤਾ ਲਿਖਵਾਇਆ, ਸਗੋਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਨੀਅਤ ਨਾਲ ਹਸਪਤਾਲ ਪ੍ਰਸ਼ਾਸਨ ਨੂੰ ਵੀ ਹਨੇਰੇ ਵਿੱਚ ਰੱਖਿਆ। ਪਿਤਾ ਦਾ ਦੋਸ਼ ਹੈ ਕਿ ਹੈਵਾਨੀਅਤ ਦੀ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਹਸਪਤਾਲ ਵਿੱਚ ਬਿਨਾਂ ਗੋਲੀ ਕੱਢੇ ਹੀ ਸਹਿਜਪ੍ਰੀਤ ਦੇ ਜ਼ਖ਼ਮ 'ਤੇ ਟਾਂਕੇ ਲਗਵਾ ਦਿੱਤੇ ਗਏ।
ਇੰਨਾ ਹੀ ਨਹੀਂ, ਮੁਲਜ਼ਮਾਂ ਨੇ ਜ਼ਖ਼ਮੀ ਸਹਿਜਪ੍ਰੀਤ ਨੂੰ ਡਰਾਇਆ ਅਤੇ ਧਮਕਾਇਆ ਕਿ ਉਹ ਇਸ ਘਟਨਾ ਬਾਰੇ ਕਿਸੇ ਨੂੰ ਕੁਝ ਨਾ ਦੱਸੇ।
ਅਗਲੇ ਦਿਨ ਜਦੋਂ ਪਿਤਾ ਨੂੰ ਇਸ ਪੂਰੀ ਵਾਰਦਾਤ ਦੀ ਭਣਕ ਲੱਗੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਿਤਾ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਹਾਲਤ ਅਜੇ ਵੀ ਚਿੰਤਾਜਨਕ ਬਣੀ ਹੋਈ ਹੈ ਕਿਉਂਕਿ ਗੋਲੀ ਅਜੇ ਵੀ ਉਸ ਦੇ ਪੇਟ ਦੇ ਅੰਦਰ ਹੀ ਹੈ। ਪੀੜਤ ਪਰਿਵਾਰ ਨੇ ਹੁਣ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਉਨ੍ਹਾਂ ਧੋਖੇਬਾਜ਼ ਦੋਸਤਾਂ ਅਤੇ ਸਬੰਧਤ ਹਸਪਤਾਲ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ।
