ਨੌਜਵਾਨ ਕਿਸਾਨ ਸਾਈਕਲ 'ਤੇ ਲਿਆਇਆ ਡੋਲੀ, ਦੇਖਦੇ ਰਹਿ ਗਏ ਲੋਕ (ਵੀਡੀਓ)
Friday, Nov 29, 2019 - 01:17 PM (IST)
ਤਲਵੰਡੀ ਸਾਬੋ (ਮਨੀਸ਼) : ਹੱਥਾਂ 'ਚ ਚੂੜਾ ਤੇ ਕਲੀਰੇ ਪਾਈ ਸਾਈਕਲ 'ਤੇ ਬੈਠੀ ਇਹ ਲਾੜੀ ਆਪਣੇ ਜੀਵਨ ਸਾਥੀ ਨਾਲ ਨਵੀਂ ਜਿੰਦਗੀ ਦੇ ਸਫਰ 'ਤੇ ਨਿਕਲੀ ਹੈ। ਦਰਅਸਲ ਬਠਿੰਡਾ ਦੇ ਪਿੰਡ ਰਾਮਨਗਰ ਦੇ ਨੌਜਵਾਨ ਕਿਸਾਨ ਨੇ ਨਵੀਂ ਪਿਰਤ ਪਾਉਂਦਿਆਂ ਨਾ ਸਿਰਫ ਸਾਦਾ ਵਿਆਹ ਕੀਤਾ, ਸਗੋਂ ਡੋਲੀ ਵੀ ਸਾਈਕਲ 'ਤੇ ਲੈ ਕੇ ਆਇਆ। ਦੱਸ ਦੇਈਏ ਵਿ ਐੱਮ.ਏ. ਦੀ ਪੜਾਈ ਕਰ ਰਿਹਾ ਗੁਰਬਖਸ਼ੀਸ਼ ਪਿੰਡ ਠੂਠੀਆਂਵਾਲਾ 'ਚ ਵਿਆਹੁਣ ਗਿਆ ਸੀ, ਜਿਥੇ ਗੁਰੂਘਰ 'ਚ ਆਨੰਦ ਕਾਰਜ ਕਰ ਬਾਰਾਤ ਨੇ ਲੰਗਰ 'ਚੋਂ ਚਾਹ-ਪਾਣੀ ਛਕਿਆ ਤੇ ਸਾਈਕਲ 'ਤੇ ਲਾੜੀ ਨੂੰ ਬਿਠਾ ਘਰ ਲੈ ਆਏ। ਕਰੀਬ 20 ਕਿਲੋਮੀਟਰ ਦੇ ਸਫਰ ਦੌਰਾਨ ਹਰ ਕੋਈ ਨਵ-ਵਿਆਹੀ ਜੋੜੀ ਨੂੰ ਸਾਈਕਲ 'ਤੇ ਆਉਂਦੀ ਦੇਖ ਖੜ੍ਹ-ਖੜ੍ਹ ਕੇ ਵੇਖਦਾ ਨਜ਼ਰ ਆਇਆ। ਗੁਰਬਖਸ਼ੀਸ਼ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਵਿਆਹਾਂ 'ਤੇ ਹੁੰਦੇ ਫਾਲਤੂ ਖਰਚ ਦੇ ਖਿਲਾਫ ਸੀ ਤੇ ਇਸੇ ਲਈ ਉਸ ਨੇ ਇੰਝ ਸਾਦੇ ਵਿਆਹ ਨੂੰ ਤਰਜ਼ੀਹ ਦਿੱਤੀ।
ਭਰਾ ਦੇ ਇਸ ਕਦਮ ਤੋਂ ਗੁਰਬਖਸ਼ੀਸ਼ ਦੀ ਭੈਣ ਬੇਹੱਦ ਖੁਸ਼ ਹੈ ਤੇ ਉਸ 'ਤੇ ਮਾਣ ਮਹਿਸੂਸ ਕਰ ਰਹੀ ਹੈ। ਜਿਵੇਂ ਹੀ ਨਵ-ਵਿਆਹੀ ਨੇ ਸਹੁਰੇ ਘਰ 'ਚ ਕਦਮ ਰੱਖਿਆ ਤਾਂ ਖੁਸ਼ੀ 'ਚ ਖੀਵੇ ਹੋਏ ਦਾਦੇ ਨੇ ਜਿਥੇ ਗਾ ਕੇ ਆਪਣੇ ਪੋਤਰੇ ਦੇ ਵਿਆਹ ਦੀ ਖੁਸ਼ੀ ਮਨਾਈ ਉਥੇ ਹੀ ਆਪਣੇ ਪੋਤਰੇ ਦੀ ਸੋਚ ਦੀ ਤਾਰੀਫ ਵੀ ਕੀਤੀ। ਇਸ ਵਿਆਹ ਤੇ ਡੋਲੀ ਲਿਆਉਣ ਦੇ ਢੰਗ ਦੀ ਜਿਥੇ ਇਲਾਕੇ 'ਚ ਚਰਚਾ ਹੋ ਰਹੀ ਹੈ, ਉਥੇ ਹੀ ਇਹ ਸਾਦਾ ਵਿਆਹ ਉਨ੍ਹਾਂ ਲੋਕਾਂ ਲਈ ਮਿਸਾਲ ਹੈ, ਜੋ ਵਿਆਹਾਂ 'ਤੇ ਫਾਲਤੂ ਖਰਚ ਕਰ ਆਪਣੇ ਤੇ ਕੁੜੀ ਵਾਲੇ ਪਰਿਵਾਰ ਨੂੰ ਕਰਜ਼ਾਈ ਕਰ ਦਿੰਦੇ ਹਨ।