ਗੱਲਾਂ ਨੇਪਾਲ ਤੇ ਪਾਕਿਸਤਾਨ ਨੂੰ ਬਿਜਲੀ ਵੇਚਣ ਦੀਆਂ ਤੇ ਲੱਗ ਰਹੇ ਨੇ ਅਣਐਲਾਨੇ ਕੱਟ

Monday, Sep 04, 2017 - 05:12 AM (IST)

ਹੁਸ਼ਿਆਰਪੁਰ- ਇਕ ਪੁਰਾਣੀ ਕਹਾਵਤ ਹੈ 'ਰਹਿਣ ਨੂੰ ਘਰ ਨਹੀਂ ਸਾਰਾ ਜਹਾਂ ਹਮਾਰਾ', ਕੁਝ ਇਹੀ ਹਾਲ ਹੈ ਪੰਜਾਬ 'ਚ ਇਨ੍ਹੀਂ ਦਿਨੀਂ ਬਿਜਲੀ ਦੀ ਸਪਲਾਈ ਨੂੰ ਲੈ ਕੇ ਪਾਵਰਕਾਮ ਦਾ। ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ ਤੋਂ ਬਾਅਦ ਹੁਣ ਕੈਪਟਨ ਸਰਕਾਰ ਵੀ ਦਾਅਵੇ ਕਰ ਰਹੀ ਹੈ ਕਿ ਸੂਬੇ 'ਚ ਬਿਜਲੀ ਸਰਪਲੱਸ ਹੈ। ਇਥੋਂ ਤੱਕ ਕਿ ਪੰਜਾਬ ਦੀ ਬਿਜਲੀ ਪਾਕਿਸਤਾਨ ਤੇ ਨੇਪਾਲ ਨੂੰ ਵੇਚਣ ਦੀਆਂ ਗੱਲਾਂ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਾਸੀ ਸਮਝ ਨਹੀਂ ਪਾ ਰਹੇ ਕਿ ਆਏ ਦਿਨ ਲੱਗਣ ਵਾਲੇ ਬਿਜਲੀ ਕੱਟ ਆਖਿਰ ਕਿਸ ਲਈ ਲੱਗ ਰਹੇ ਹਨ ਅਤੇ ਸਰਕਾਰ ਦੇ ਸਰਪਲੱਸ ਬਿਜਲੀ ਦੇ ਦਾਅਵਿਆਂ ਦੀ ਫੂਕ ਨਿਕਲ ਰਹੀ ਹੈ।
ਲੋਕਾਂ ਨੂੰ ਪ੍ਰੇਸ਼ਾਨ ਕਰ ਰਹੇ ਨੇ ਬਿਜਲੀ ਕੱਟ
ਬਿਜਲੀ ਦੀ ਨਿਯਮਿਤ ਕਟੌਤੀ ਕਾਰਨ ਜਿਥੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਉਨ੍ਹਾਂ ਕੈਪਟਨ ਸਰਕਾਰ 'ਤੇ ਸਵਾਲੀਆ ਨਿਸ਼ਾਨ ਵੀ ਲਾਉਣੇ ਸ਼ੁਰੂ ਕਰ ਦਿੱਤੇ ਹਨ। ਸਵਾਲ ਉੱਠਦਾ ਹੈ ਕਿ ਜੇਕਰ ਬਿਜਲੀ ਸਰਪਲੱਸ ਹੈ ਤਾਂ ਫਿਰ ਲੋਕਾਂ ਨੂੰ 24 ਘੰਟੇ ਕਿਉਂ ਨਹੀਂ ਮਿਲ ਰਹੀ? ਪੰਜਾਬ ਦੀ ਬਿਜਲੀ ਜਾਂਦੀ ਕਿੱਥੇ ਹੈ? ਇਸ ਸਵਾਲ ਦਾ ਜਵਾਬ ਸ਼ਾਇਦ ਪਾਵਰਕਾਮ ਕੋਲ ਵੀ ਨਹੀਂ ਹੈ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੋਹਲੇਧਾਰ ਮੀਂਹ ਤੇ ਤੇਜ਼ ਹਵਾਵਾਂ ਕਾਰਨ ਬਿਜਲੀ ਲਾਈਨਾਂ 'ਚ ਆਉਂਦੀ ਖਰਾਬੀ ਠੀਕ ਕਰਨ ਲਈ ਇਨ੍ਹੀਂ ਦਿਨੀਂ ਕਈ ਵਾਰ ਬਿਜਲੀ ਬੰਦ ਕਰਨੀ ਪੈਂਦੀ ਹੈ।
ਹੁਸ਼ਿਆਰਪੁਰ ਜ਼ਿਲੇ 'ਚ ਬਿਜਲੀ ਦੀ ਸਥਿਤੀ
ਪਾਵਰਕਾਮ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਸਮੇਂ ਹੁਸ਼ਿਆਰਪੁਰ ਪਾਵਰਕਾਮ ਸਰਕਲ ਵਿਚ ਘਰੇਲੂ ਤੇ ਕਮਰਸ਼ੀਅਲ ਕੁਨੈਕਸ਼ਨਾਂ ਦੀ ਗਿਣਤੀ ਜਿੱਥੇ 4 ਲੱਖ 80 ਹਜ਼ਾਰ ਹੈ, ਉਥੇ ਹੀ ਟਿਊਬਵੈੱਲ ਕੁਨੈਕਸ਼ਨਾਂ ਦੀ ਗਿਣਤੀ 60 ਹਜ਼ਾਰ ਤੋਂ ਜ਼ਿਆਦਾ ਹੈ। ਇਨ੍ਹਾਂ ਸਾਰੇ ਕੁਨੈਕਸ਼ਨਾਂ ਲਈ ਪੀਕ ਸੀਜ਼ਨ 'ਚ ਬਿਜਲੀ ਦੀ ਮੰਗ 11,000 ਮੈਗਾਵਾਟ ਹੋਇਆ ਕਰਦੀ ਹੈ। ਪਾਵਰਕਾਮ ਦੇ ਉੱਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੁਸ਼ਿਆਰਪੁਰ ਸਰਕਲ ਕੋਲ ਇਸ ਤੋਂ ਜ਼ਿਆਦਾ ਬਿਜਲੀ ਦਾ ਸਟੋਰ ਹੈ।
ਸ਼ਿਕਾਇਤ ਦਾ ਤੈਅ ਸਮੇਂ 'ਚ ਨਿਪਟਾਰਾ ਨਹੀਂ
ਪਾਵਰਕਾਮ ਵੱਲੋਂ ਬਿਜਲੀ ਦੀ ਸਮੱਸਿਆ ਨਾਲ ਨਿਪਟਣ ਲਈ 1912 ਨੰਬਰ ਤੈਅ ਕੀਤਾ ਗਿਆ ਹੈ। ਇਸ ਨੰਬਰ 'ਤੇ ਸ਼ਿਕਾਇਤ ਕਰਦੇ ਹੀ ਪਾਵਰਕਾਮ ਵੱਲੋਂ ਬਿਜਲੀ ਮਕੈਨਿਕ ਦਾ ਮੋਬਾਇਲ ਨੰ. ਐੱਸ. ਐੱਮ. ਐੱਸ. ਰਾਹੀਂ ਮਿਲਦਾ ਹੈ। ਇਸ ਨੰਬਰ 'ਤੇ ਫੋਨ ਕਰਨ 'ਤੇ ਮਕੈਨਿਕ ਫੋਨ ਨਹੀਂ ਚੁੱਕਦਾ, ਉਥੇ ਪਾਵਰਕਾਮ ਵੱਲੋਂ ਤੈਅ ਸਮਾਂ-ਹੱਦ ਅੰਦਰ ਕੰਮ ਨਹੀਂ ਹੁੰਦਾ। ਪੁੱਛਣ 'ਤੇ ਮਕੈਨਿਕ ਲਾਈਨਮੈਨ ਦੀ ਕਮੀ ਦਾ ਬਹਾਨਾ ਕਰਦਾ ਹੈ। ਇਥੇ ਹੀ ਨਹੀਂ ਬਿਜਲੀ ਕੱਟ ਸਬੰਧੀ ਫੋਨ ਕਰਨ 'ਤੇ ਤਾਇਨਾਤ ਕਰਮਚਾਰੀ ਫੋਨ ਹੀ ਨਹੀਂ ਉਠਾਉਂਦੇ।


Related News