ਜਾਨਲੇਵਾ ਸਾਬਿਤ ਹੋ ਸਕਦੀ ਹੈ ਲੂ! ਅੱਤ ਦੀ ਗਰਮੀ 'ਚ ਰੱਖੋ ਇਨ੍ਹਾਂ ਗੱਲਾਂ ਦਾ ਖ਼ਿਆਲ

05/24/2024 12:27:06 PM

ਲੁਧਿਆਣਾ (ਜ.ਬ.)- ਦਿਨ-ਬ-ਦਿਨ ਵਧਦੀ ਗਰਮੀ ਕਾਰਨ ਵਧਦੇ ਤਾਪਮਾਨ ਤੋਂ ਲੋਕਾਂ ਨੂੰ ਹੀਟ ਸਟ੍ਰੋਕ ਮਤਲਬ ‘ਲੂ ਲੱਗਣ’ ਦੇ ਖਤਰੇ ਵੀ ਵਧੇ ਹਨ। ਮੈਡੀਕਲ ਮਾਹਿਰਾਂ ਕੋਲ ਰੋਜ਼ਾਨਾ ਕਈ ਮਰੀਜ਼ ਗਰਮੀ ਦੀ ਸ਼ਿਕਾਇਤ ਲੈ ਕੇ ਆ ਰਹੇ ਹਨ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ, ਕਿਉਂਕਿ ਇਹ ਜਾਨਲੇਵਾ ਸਾਬਿਤ ਹੋ ਸਕਦਾ ਹੈ। ਹਸਪਤਾਲ ਪ੍ਰਬੰਧਕਾਂ ਨੇ ਇਸ ਸਬੰਧੀ ਲੋਕਾਂ ਲਈ ਇਕ ਐਡਵਾਈਜ਼ਰੀ ਜਾਰੀ ਕੀਤੀ ਹੈ। ਵਰਣਨਯੋਗ ਹੈ ਕਿ ‘ਹੀਟ ਸਟ੍ਰੋਕ’ ਇਕ ਗੰਭੀਰ ਅਤੇ ਸੰਭਾਵਿਤ ਰੂਪ ਤੋਂ ਘਾਤਕ ਸਥਿਤੀ ਹੈ, ਜੋ ਸਰੀਰ ਵਿਚ ਅੱਤ ਦੀ ਗਰਮੀ ਹੋਣ ਕਾਰਨ ਹੁੰਦਾ ਹੈ। ਆਮ ਤੌਰ ’ਤੇ ਲੰਬੇ ਸਮੇਂ ਤੱਕ ਉੱਚ ਤਾਪਮਾਨ ਦੇ ਸੰਪਰਕ ਵਿਚ ਰਹਿਣ ਜਾਂ ਗਰਮੀ ’ਚ ਸਰੀਰਕ ਮਿਹਨਤ ਕਰਨ ਕਾਰਨ ਲੂ ਲੱਗਣ ਦਾ ਖਤਰਾ ਵਧ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਪਾਉਣ ਦੇ ਚੱਕਰ 'ਚ ਜਾਨ ਗੁਆ ਬੈਠੇ 2 ਵਿਦਿਆਰਥੀ, ਜਾਣੋ ਪੂਰਾ ਮਾਮਲਾ

ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਜ਼ਿਲੇ ਭਰ ਦੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੂ ਤੋਂ ਬਚਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਕਿਉਂਕਿ ਤਾਪਾਮਾਨ ’ਚ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਛੋਟੇ ਬੱਚਿਆਂ, ਗਰਭਵਤੀ ਔਰਤਾਂ, 65 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬਜ਼ੁਰਗਾਂ, ਮਜ਼ਦੂਰਾਂ, ਮੋਟੇ ਲੋਕਾਂ, ਮਾਨਸਿਕ ਤੌਰ ’ਤੇ ਬੀਮਾਰ ਲੋਕਾਂ, ਖਾਸ ਕਰ ਕੇ ਦਿਲ ਦੇ ਰੋਗੀਆਂ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਪੀੜਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਦਿਨ ਦੇ ਠੰਢੇ ਸਮੇਂ ਜਿਵੇਂ ਕਿ ਸਵੇਰ ਅਤੇ ਸ਼ਾਮ ਨੂੰ ਘਰੋਂ ਬਾਹਰ ਜਾਣਾ ਚਾਹੀਦਾ ਹੈ। ਚਾਹੇ ਤੁਹਾਨੂੰ ਪਿਆਸ ਨਾ ਵੀ ਲੱਗੇ ਹੋਵੇ, ਫਿਰ ਵੀ ਹਰ ਅੱਧੇ ਘੰਟੇ ’ਚ ਥੋੜ੍ਹਾ-ਥੋੜ੍ਹਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਹਲਕੇ ਰੰਗ ਦੇ ਪੂਰੀਆਂ ਬਾਹਾਂ ਵਾਲੇ ਸੂਤੀ ਤੇ ਖੁੱਲ੍ਹੇ ਕੱਪੜੇ ਪਹਿਨਣੇ ਚਾਹੀਦੇ ਹਨ। ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਟੋਪੀ, ਤੌਲੀਆ, ਪੱਗ ਜਾਂ ਗਿੱਲਾ ਕੱਪੜਾ ਰੱਖਣਾ ਚਾਹੀਦਾ ਹੈ। ਲੂ ਤੋਂ ਬਚਾਅ ਲਈ ਮੌਸਮੀ ਫਲ ਅਤੇ ਸਬਜ਼ੀਆਂ ਜਿਵੇਂ ਤਰਬੂਜ਼, ਸੰਤਰਾ, ਅੰਗੂਰ, ਖੀਰਾ ਅਤੇ ਟਮਾਟਰ ਵੱਧ ਤੋਂ ਵੱਧ ਖਾਣੇ ਚਾਹੀਦੇ ਹਨ। ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਪੀਓ। ਸ਼ਰਾਬ, ਚਾਹ, ਕਾਫੀ ਅਤੇ ਕਾਰਬੋਨੇਟਿਡ ਅਤੇ ਜ਼ਿਆਦਾ ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਤਲੀਆਂ ਹੋਈਆਂ ਖਾਣ-ਪੀਣ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ।

ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰਿਆ ਭਿਆਨਕ ਹਾਦਸਾ! ਇੱਕੋ ਪਰਿਵਾਰ ਦੇ 7 ਜੀਆਂ ਦੀ ਹੋਈ ਦਰਦਨਾਕ ਮੌਤ

ਡਾ. ਔਲਖ ਨੇ ਦੱਸਿਆ ਕਿ ਸਰੀਰ ਦਾ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਹੋਣ ’ਤੇ ਸਿਰਦਰਦ, ਘਬਰਾਹਟ, ਚੱਕਰ ਆਉਣਾ, ਬੇਹੋਸ਼ੀ, ਮਾਸਪੇਸ਼ੀਆਂ ’ਚ ਕਮਜ਼ੋਰੀ ਜਾਂ ਤਣਾਅ, ਦਿਲ ਦੀ ਧੜਕਣ ਤੇਜ਼ ਹੋਣਾ ਅਤੇ ਸਾਹ ਲੈਣ ’ਚ ਮੁਸ਼ਕਲ ਹੋਣਾ ਲੂ ਲੱਗਣ ਦੇ ਲੱਛਣ ਹੋ ਸਕਦੇ ਹਨ। ਇਸ ਸੂਰਤ ’ਚ ਫੌਰਨ ਮੈਡੀਕਲ ਮਦਦ ਲੈਣੀ ਚਾਹੀਦੀ ਹੈ। ਜ਼ਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਨੇ ਲੂ ਤੋਂ ਬਚਾਅ ਲਈ ਪੂਰੇ ਪ੍ਰਬੰਧ ਕੀਤੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News