ਸੰਤ ਸੀਚੇਵਾਲ ਨੇ CM ਮਾਨ ਤੇ ਰਾਜਪਾਲ ਨੂੰ ਕੀਤੀ ਅਫ਼ਸਰਾਂ ਦੀ ਸ਼ਿਕਾਇਤ, Live ਹੋ ਕੇ ਆਖ਼''ਤੀਆਂ ਵੱਡੀਆਂ ਗੱਲਾਂ
Wednesday, Nov 12, 2025 - 03:55 PM (IST)
ਲੁਧਿਆਣਾ (ਹਿਤੇਸ਼): ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣੇ ਦੇ ਬੁੱਢੇ ਦਰਿਆ ਵਿਚ ਪੈ ਰਹੇ ਗੰਦੇ ਪਾਣੀਆਂ ਨੂੰ ਲੈ ਕੇ ਲੁਧਿਆਣਾ ਪ੍ਰਸ਼ਾਸ਼ਨ ਦੀ ਤਿੱਖੀ ਅਲੋਚਨਾ ਕੀਤੀ।ਉਨ੍ਹਾਂ ਗਾਊਘਾਟ ਜਾ ਕੇ ਜਮਾਲਪੁਰ ਡਰੇਨ ਦਾ ਗੰਦਾ ਪਾਣੀ ਬੁੱਢੇ ਦਰਿਆ ਵਿਚ ਜਾਣ ‘ਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ‘ਤੇ ਤਿੱਖੇ ਸਵਾਲ ਉਠਾਉਂਦਿਆਂ ਕਿਹਾ ਕਿ ਜੇ ਤੁਸੀਂ ਇਕ ਮੈਂਬਰ ਪਾਰਲੀਮੈਂਟ ਦੀ ਸੁਣਵਾਈ ਨਹੀਂ ਕਰ ਰਹੇ ਤਾਂ ਫਿਰ ਆਮ ਲੋਕਾਂ ਦੀ ਕਿਵੇਂ ਸੁਣਦੇ ਹੋਵੋਗੇ। ਗਾਊਘਾਟ ‘ਤੇ ਫੇਸਬੁਕ ‘ਤੇ ਲਾਈਵ ਹੋ ਕੇ ਸਮੁੱਚੇ ਪੰਜਾਬ ਨੂੰ ਗੰਦੇ ਪਾਣੀਆਂ ਦੇ ਹਲਾਤ ਦਿਖਾਉਂਦਿਆ ਸੱਦਾ ਦਿੱਤਾ ਕਿ ਲੋਕ ਇਸ ਮਾਮਲੇ ਵਿਰੁੱਧ ਅਵਾਜ਼ ਬੁਲੰਦ ਕਰਨ। ਸੰਤ ਸੀਚੇਵਾਲ ਨੇ ਸਪੱਸ਼ਟ ਕੀਤਾ ਕਿ ਉਹ ਇਹ ਵੀਡੀਓ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸਮੇਤ ਲੁਧਿਆਣੇ ਦੇ ਉਨ੍ਹਾਂ ਸਾਰੇ ਅਫ਼ਸਰਾਂ ਨੂੰ ਭੇਜ ਰਹੇ ਹਨ ਜਿਹੜੇ ਇਸ ਲਈ ਜਿੰਮੇਵਾਰ ਹਨ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਹੁਣ ਕੀਤੀ ਇਹ 'ਗ਼ਲਤੀ' ਤਾਂ ਕੱਟਿਆ ਜਾਵੇਗਾ 25 ਹਜ਼ਾਰ ਰੁਪਏ ਦਾ ਚਾਲਾਨ, FIR ਵੀ ਹੋਵੇਗੀ ਦਰਜ
ਸੰਤ ਸੀਚੇਵਾਲ ਨੇ ਅਧਿਕਾਰੀਆਂ ਦੀ ਜਿੰਮੇਵਾਰੀ ਤੈਅ ਕਰਨ ਤੇ ਉਨ੍ਹਾਂ ਨੂੰ ਜਵਾਬਦੇਹ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਟਰੀਟਮੈਂਟ ਪਲਾਂਟਾਂ ‘ਤੇ 650 ਕਰੋੜ ਰੁਪਏ ਖਰਚ ਦਿੱਤੇ ਹਨ, ਪਰ ਗੰਦਾ ਪਾਣੀ ਫਿਰ ਬੁੱਢੇ ਦਰਿਆ ਵਿਚ ਪੈ ਰਿਹਾ ਹੈ। ਜ਼ਿਲ੍ਹੇ ਦੇ ਅਧਿਕਾਰੀ ਪੰਜਾਬ ਸਰਕਾਰ ਦੀ ਬਦਨਾਮੀ ਕਰਵਾਉਣ ਦਾ ਸਬੱਬ ਬਣ ਰਹੇ ਹਨ। ਸੰਤ ਸੀਚੇਵਾਲ ਵੱਲੋਂ ਕਰੋੜਾਂ ਰੁਪਏ ਖਰਚਣ ਦੇ ਬਾਅਦ ਵੀ ਬੁੱਢੇ ਦਰਿਆ ਵਿਚ ਅਣਸੋਧਿਆ ਪਾਣੀ ਬਾਈਪਾਸ ਹੋਣ ‘ਤੇ ਪ੍ਰਸ਼ਾਸ਼ਿਨਕ ਅਧਿਕਾਰੀਆਂ ਦੀ ਕਲਾਸ ਲਗਾਈ।
ਸੰਤ ਸੀਚੇਵਾਲ ਨੇ ਗਾਊਘਾਟ ਨੇੜੇ ਉਸੇ ਥਾਂ ‘ਤੇ ਖੜ ਕੇ ਵੀਡੀਓ ਬਣਾਈ ਜਿੱਥੇ 22 ਦਸੰਬਰ 2024 ਨੂੰ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਪੰਪਿੰਗ ਸਟੇਸ਼ਨ ਸਥਾਪਿਤ ਕਰਨ ਲਈ ਤਿੰਨ ਮਹੀਨੇ ਦਾ ਸਮਾਂ ਤੇ ਸਾਢੇ ਤਿੰਨ ਕਰੋੜ ਰੁਪਏ ਦੀ ਮੰਗ ਕੀਤੀ ਸੀ। ਨਗਰ ਨਿਗਮ ਨੂੰ ਮੰਗੀ ਉਕਤ ਰਕਮ ਵੀ ਲੈਕੇ ਦੇ ਦਿੱਤੀ ਸੀ ਤੇ ਇਹ ਪੰਪਿੰਗ ਸਟੇਸ਼ਨ ਅਪੈ੍ਰਲ 2025 ਤੱਕ ਤਿਆਰ ਹੋ ਜਾਣਾ ਚਾਹੀਦਾ ਸੀ।ਇਸ ਦੇ ਚੱਲਣ ਨਾਲ ਜਮਾਲਪੁਰ ਡਰੇਨ ਦਾ ਸਾਰਾ ਗੰਦਾ ਪਾਣੀ 225 ਐੱਮ.ਐੱਲ.ਡੀ. ਪਲਾਂਟ ਵਿਚ ਜਾਣਾ ਸੀ। ਸੰਤ ਸੀਚੇਵਾਲ ਨੇ ਕਿਹਾ ਕਿ ਹੁਣ ਜਦੋਂ ਨਵੰਬਰ ਮਹੀਨੇ ਦਾ ਅੱਧ ਆ ਗਿਆ ਹੈ ਤਦ ਵੀ ਨਗਰ ਨਿਗਮ ਨੇ ਆਰਜ਼ੀ ਪ੍ਰਬੰਧਾਂ ਨੂੰ ਪੱਕਿਆ ਨਹੀਂ ਕੀਤਾ।
ਇਹ ਖ਼ਬਰ ਵੀ ਪੜ੍ਹੋ - ਹੋਣ ਜਾ ਰਿਹੈ ਵੱਡਾ ਐਲਾਨ! CM ਮਾਨ ਨੇ ਸੱਦ ਲਈ ਪੰਜਾਬ ਕੈਬਨਿਟ ਦੀ ਮੀਟਿੰਗ
ਸੰਤ ਸੀਚੇਵਾਲ ਨੇ ਉਸੇ ਥਾਂ ਤੋਂ ਬੁੱਢਾ ਦਰਿਆ ਵਿਚ ਅਣਸੋਧਿਆ ਪਾਣੀ ਵਹਿੰਦਾ ਮਿਲਣ ‘ਤੇ ਨਗਰ ਨਿਗਮ, ਵਾਟਰ ਅਤੇ ਸੀਵਰੇਜ ਬੋਰਡ,ਡਰੇਨਜ਼ ਵਿਭਾਗ,ਪੀਪੀਸੀਬੀ ਸਮੇਤ ਹੋਰ ਸਾਰੇ ਉਨ੍ਹਾਂ ਵਿਭਾਗਾਂ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕੀਤੇ,ਜਿਹੜੇ ਬੁੱਢੇ ਦਰਿਆ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪਲੀਤ ਕਰ ਰਹੇ ਹਨ।
ਕਿਹਾ, ਸਾਡੇ ਗੁਰਧਾਮਾਂ ਤੇ ਸਰੋਵਰਾਂ 'ਚ ਜਾ ਰਿਹੈ ਗੰਦਾ ਪਾਣੀ

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅਧਿਕਾਰੀਆਂ ਦੀ ਤਿੱਖੀ ਅਲੋਚਨਾ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਇਹੀ ਗੰਦਾ ਪਾਣੀ ਸਾਡੇ ਗੁਰਧਾਮਾਂ ਅਤੇ ਸਰੋਵਰਾਂ ਵਿਚ ਜਾ ਰਿਹਾ ਹੈ। ਮਾਲਵੇ ਤੇ ਰਾਜਸਥਾਨ ਦੇ ਲੋਕ ਇਸ ਨੂੰ ਪੀ ਰਹੇ ਹਨ। ਉਨ੍ਹਾਂ ਕਿਹਾ ਕਿ ਇੰਡਸਟਰੀ, ਡੇਅਰੀਆਂ ਜਾਂ ਨਗਰ ਨਿਗਮ ਲੁਧਿਆਣਾ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਆਪਣਾ ਮਲ-ਮੂਤਰ ਤੇ ਗੰਦਾ ਪਾਣੀ ਲੋਕਾਂ ਨੂੰ ਪਿਲਾਉਣ। ਉਨ੍ਹਾਂ ਤਿੱਖੇ ਲਹਿਜੇ ਵਿਚ ਕਿਹਾ ਕਿ ਅਧਿਕਾਰੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਅਜਿਹਾ ਕਰ ਰਹੇ ਹਨ।
