ਜ਼ਿਲੇ ''ਚ ਇਸ ਸਾਲ ਸਵਾਈਨ ਫਲੂ ਨਾਲ 4 ਮਰੀਜ਼ਾਂ ਦੀ ਮੌਤ
Friday, Sep 08, 2017 - 01:44 AM (IST)
ਰੂਪਨਗਰ, (ਵਿਜੇ)- ਜ਼ਿਲੇ 'ਚ ਸਵਾਈਨ ਫਲੂ ਨਾਲ ਇਸ ਸਾਲ ਚਾਰ ਮੌਤਾਂ ਹੋ ਚੁੱਕੀਆਂ ਹਨ, ਜਦਕਿ ਡੇਂਗੂ ਦੇ 17 ਕੇਸ ਪਾਜ਼ੇਟਿਵ ਪਾਏ ਗਏ। ਅੱਜ 'ਜਗ ਬਾਣੀ' ਦੀ ਟੀਮ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਅਤੇ ਪਤਾ ਲੱਗਾ ਕਿ ਸਵਾਈਨ ਫਲੂ ਦੇ 40 ਮਾਮਲੇ ਸਾਹਮਣੇ ਆਏ ਸੀ, ਜਿਨ੍ਹਾਂ 'ਚੋਂ 11 ਪਾਜ਼ੇਟਿਵ ਪਾਏ ਗਏ। ਚਾਰ ਹੋਰ ਗੰਭੀਰ ਰੋਗੀਆਂ ਨੂੰ ਪੀ.ਜੀ.ਆਈ. ਚੰਡੀਗੜ੍ਹ ਭੇਜ ਦਿੱਤਾ ਗਿਆ ਸੀ ਅਤੇ ਉਥੇ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਡੇਂਗੂ ਦੇ 142 ਸ਼ੱਕੀ ਕੇਸ ਸਾਹਮਣੇ ਆਏ ਸੀ, ਜਿਨ੍ਹਾਂ 'ਚੋਂ 17 ਕੇਸ ਪਾਜ਼ੇਟਿਵ ਪਾਏ ਗਏ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਇਸੇ ਤਰ੍ਹਾਂ ਇਥੇ ਚਿਕਨਗੁਨੀਆ ਦੇ 16 ਸ਼ੱਕੀ ਪਾਏ ਗਏ ਸੀ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ।
ਸਵਾਈਨ ਫਲੂ ਲਈ ਆਈਸੋਲੇਸ਼ਨ ਰੂਮ ਸਿਵਲ ਹਸਪਤਾਲ ਰੂਪਨਗਰ 'ਚ ਬੰਦ ਪਿਆ ਹੈ ਤੇ ਇਸ ਦੇ ਆਸ-ਪਾਸ ਸਫਾਈ ਦੀ ਹਾਲਤ ਵੀ ਚਿੰਤਾਜਨਕ ਹੈ। ਡੇਂਗੂ ਦੇ ਵਾਰਡ 'ਚ ਆਕਸੀਜਨ ਸਿਲੰਡਰ ਨਹੀਂ ਹਨ। ਸਵਾਈਨ ਫਲੂ ਤੇ ਡੇਂਗੂ ਦੀਆਂ ਦਵਾਈਆਂ ਪਹਿਲਾਂ ਬਹੁਤ ਘੱਟ ਸੀ ਪਰ ਹੁਣ ਨਵਾਂ ਸਟਾਕ ਆਇਆ ਹੈ। ਡੇਂਗੂ ਦੇ ਆਈਸੋਲੇਸ਼ਨ ਵਾਰਡ ਦੀ ਹਾਲਤ ਕਾਫੀ ਖਰਾਬ ਹੈ। ਖਿੜਕੀ ਦੀ ਗਰਿੱਲ 'ਤੇ ਸ਼ੀਸ਼ੇ ਨਹੀਂ ਹਨ ਤੇ ਮੱਛਰ ਅੰਦਰ ਦਾਖਲ ਹੋ ਸਕਦੇ ਹਨ। ਇਸੇ ਤਰ੍ਹਾਂ ਗੈਲਰੀ 'ਚ ਸਫਾਈ ਵਿਵਸਥਾ ਵੀ ਠੀਕ ਨਹੀਂ ਹੈ। ਪੈਥਾਲੋਜੀ ਦੀ ਲੈਬ ਦੇ ਬਾਹਰ ਮਰੀਜ਼ਾਂ ਦਾ ਤਾਂਤਾ ਲੱਗਾ ਰਹਿੰਦਾ ਹੈ ਤੇ ਲੋਕਾਂ ਨੂੰ ਟੈਸਟ ਕਰਵਾਉਣ 'ਚ ਕਾਫੀ ਪ੍ਰੇਸ਼ਾਨੀ ਹੁੰਦੀ ਹੈ।
ਸਿਵਲ ਹਸਪਤਾਲ 'ਚ ਕਾਫੀ ਮਾਹਿਰ ਡਾਕਟਰ ਹਨ ਪਰ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਦੀ ਭਾਰੀ ਘਾਟ ਹੈ ਕਿਉਂਕਿ ਮੌਜੂਦਾ ਡਾਕਟਰ ਛੁੱਟੀ 'ਤੇ ਦੱਸੇ ਜਾਂਦੇ ਹਨ। ਸਿਵਲ ਹਸਪਤਾਲ 'ਚ ਮਰੀਜ਼ਾਂ ਨੂੰ ਕਾਫੀ ਦਵਾਈਆਂ ਉਪਲੱਬਧ ਹਨ ਪਰ ਕੁਝ ਦਵਾਈਆਂ ਮਰੀਜ਼ਾਂ ਨੂੰ ਬਾਹਰੋਂ ਲਿਆਉਣੀਆਂ ਪੈਂਦੀਆਂ ਹਨ।
ਇਕ ਮਰੀਜ਼ ਨੇ ਦੱਸਿਆ ਕਿ ਉਸ ਨੂੰ ਸੱਪ ਨੇ ਡੰਗ ਲਿਆ ਸੀ ਤੇ ਉਸ ਨੂੰ ਸੰਬੰਧਤ ਦਵਾਈ ਹਸਪਤਾਲ ਤੋਂ ਨਾ ਮਿਲਣ ਕਾਰਨ ਬਾਹਰੋਂ ਖਰੀਦਣੀ ਪਈ। ਕਈ ਮਾਮਲਿਆਂ 'ਚ ਦੇਖਿਆ ਗਿਆ ਹੈ ਕਿ ਐਮਰਜੈਂਸੀ ਵਾਰਡ ਤੋਂ ਲੋਕਾਂ ਨੂੰ ਪੀ.ਜੀ.ਆਈ. ਰੈਫਰ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਇਥੇ ਦਵਾਈ ਵੀ ਨਹੀਂ ਮਿਲਦੀ। ਹਸਪਤਾਲ 'ਚ ਜੀਵਨ ਰੱਖਿਅਕ ਦਵਾਈਆਂ ਦੀ ਭਾਰੀ ਘਾਟ ਹੈ, ਜਿਸ ਕਾਰਨ ਮਰੀਜ਼ ਦੀ ਜਾਨ ਨੂੰ ਹਰ ਸਮੇਂ ਖਤਰਾ ਬਣਿਆ ਰਹਿੰਦਾ ਹੈ।
ਐਮਰਜੈਂਸੀ ਵਾਰਡ ਨੂੰ ਹੋਰ ਦਰੁੱਸਤ ਕਰਨ ਦੀ ਜ਼ਰੂਰਤ ਹੈ ਤਾਂ ਕਿ ਪਹੁੰਚਣ ਵਾਲੇ ਮਰੀਜ਼ਾਂ ਨੂੰ ਤੁਰੰਤ ਸਹਾਇਤਾ ਮਿਲ ਸਕੇ। ਹਸਪਤਾਲ 'ਚ ਆਮ ਲੋਕਾਂ ਨੂੰ ਹਰ ਸਮੇਂ ਓ.ਪੀ.ਡੀ 'ਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਥੇ ਮਰੀਜ਼ਾਂ ਲਈ ਕੋਈ ਟੋਕਨ ਵਿਵਸਥਾ ਨਹੀਂ ਹੈ ਤੇ ਨਾ ਹੀ ਬੈਠਣ ਦੀ ਉਚਿਤ ਵਿਵਸਥਾ ਹੈ। ਲੋਕਾਂ ਦੀ ਮੰਗ ਹੈ ਕਿ ਡਾਕਟਰ ਸਮੇਂ 'ਤੇ ਆਉਣ ਤੇ ਟੋਕਨ ਦੇ ਹਿਸਾਬ ਨਾਲ ਮਰੀਜ਼ਾਂ ਨੂੰ ਚੈੱਕ ਕਰਨ ਤੇ ਸਾਰੀਆਂ ਦਵਾਈਆਂ ਹਸਪਤਾਲ ਤੋਂ ਮਿਲਣੀਆਂ ਚਾਹੀਦੀਆਂ ਹਨ।
ਅੱਜਕਲ ਸਰਕਾਰੀ ਹਸਪਤਾਲਾਂ 'ਚ ਆਮ ਵਿਅਕਤੀ ਵੱਲੋਂ ਇਲਾਜ ਕਰਵਾਉਣਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਹਸਪਤਾਲਾਂ 'ਚ ਆਮ ਮਰੀਜ਼ ਦੀ ਸਮੇਂ 'ਤੇ ਦੇਖਭਾਲ ਨਹੀਂ ਹੁੰਦੀ ਤੇ ਉਨ੍ਹਾਂ ਨੂੰ ਦਵਾਈਆਂ ਵੀ ਬਾਹਰੋਂ ਲਿਆਉਣੀਆਂ ਪੈਂਦੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਹਸਪਤਾਲਾਂ ਦੀ ਦੇਖਭਾਲ ਲਈ ਸਮਾਜਸੇਵੀ ਲੋਕਾਂ ਦੀਆਂ ਕਮੇਟੀਆਂ ਬਣਾਏ ਤਾਂ ਕਿ ਸਿਹਤ ਸੰਸਥਾਵਾਂ ਦਾ ਸਾਰਿਆਂ ਨੂੰ ਲਾਭ ਮਿਲ ਸਕੇ।
