550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਨੂੰ ਮਿਲਿਆ ਸੁਪਰ ਸਪੈਸ਼ਲਿਸਟ I.C.U (ਵੀਡੀਓ)
Thursday, Oct 31, 2019 - 10:29 AM (IST)
ਕਪੂਰਥਲਾ (ਮੀਨੂ ਓਬਰਾਏ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਆਪਸੀ ਮਤਭੇਦ ਭੁਲਾ ਕੇ ਗੁਰਸਾਹਿਬ ਦੇ ਸਿਧਾਂਤਾਂ ਮੁਤਾਬਕ ਮਿਲ ਕੇ ਮਨਾਉਣਾ ਚਾਹੀਦਾ ਹੈ। ਇਹ ਸ਼ਬਦ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਸੁਲਤਾਨਪੁਰ ਲੋਧੀ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਵੇਂ ਬਣੇ ਸੁਪਰ ਸਪੈਸ਼ਲਿਟੀ ਆਈ. ਸੀ. ਯੂ. ਅਤੇ ਟਰੋਮਾ ਸੈਂਟਰ ਦਾ ਉਦਘਾਟਨ ਕਰਨ ਮੌਕੇ ਕਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮਾਗਮ ਨੂੰ ਆਪਸੀ ਸਹਿਯੋਗ ਤੇ ਤਾਲਮੇਲ ਨਾਲ ਕਰਵਾਉਣ ਲਈ ਐੱਸ. ਜੀ. ਪੀ. ਸੀ. ਨਾਲ ਬਹੁਤ ਮੀਟਿੰਗਾਂ ਕੀਤੀਆਂ ਅਤੇ ਇਕ ਤਾਲਮੇਲ ਕਮੇਟੀ ਵੀ ਬਣਾਈ ਪਰ ਅਫਸੋਸ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਂਝੇ ਸਮਾਗਮ ਨੂੰ ਤਾਰਪੀਡੋ ਕਰਨ 'ਚ ਐੱਸ. ਜੀ. ਪੀ. ਸੀ. ਦੀ ਖੂਬ ਦੁਰਵਰਤੋਂ ਕੀਤੀ।
ਉਨ੍ਹਾਂ ਦੱਸਿਆ ਕਿ ਪੂਰੇ ਦੇਸ਼ 'ਚ ਪੰਜਾਬ ਪਹਿਲਾ ਸੂਬਾ ਹੈ, ਜਿਸ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 46 ਲੱਖ ਪਰਿਵਾਰਾਂ ਨੂੰ ਲਾਭ ਪਹੁੰਚਾ ਕੇ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕਾਰਡ ਬਣਾਉਣ ਤੋਂ ਵਾਂਝੇ ਲੋਕਾਂ ਨੂੰ ਜਲਦੀ ਕਾਰਡ ਬਣਾਉਣ ਲਈ ਕਿਹਾ ਤੇ ਦੱਸਿਆ ਕਿ 5 ਲੱਖ ਤਕ ਦਾ ਮਰੀਜ਼ ਦਾ ਇਲਾਜ ਸਰਕਾਰ ਵਲੋਂ ਇਸ ਯੋਜਨਾ ਤਹਿਤ ਮੁਫਤ ਕੀਤਾ ਜਾਂਦਾ ਹੈ। ਸਿੱਧੂ ਨੇ ਦੱਸਿਆ ਕਿ ਤਿੰਨੇ ਟੈਂਟ ਸਿਟੀ 'ਚ ਆਰਜ਼ੀ ਤੌਰ 'ਤੇ 3 ਹਸਪਤਾਲ ਖੋਲ੍ਹੇ ਗਏ ਹਨ, ਜਿਸ 'ਚ ਹਰੇਕ ਦੀ 15 ਤੋਂ 16 ਬੈੱਡ ਦੀ ਕਪੈਸਿਟੀ ਹੋਵੇਗੀ। ਜਿਨ੍ਹਾਂ 'ਚ 120 ਟ੍ਰੇਨਿੰਗ ਪ੍ਰਾਪਤ ਕਰ ਚੁੱਕੇ 120 ਮੈਡੀਕਲ ਦੇ ਵਿਦਿਆਰਥੀ 20-20 ਦੀ ਗਿਣਤੀ 'ਚ ਮੋਟਰਸਾਈਕਲਾਂ 'ਤੇ ਮੋਬਾਈਲ ਸਹਾਇਤਾ ਦੇਣਗੇ। ਇਸ ਤੋਂ ਇਲਾਵਾ 24 ਐਂਬੂਲੈਂਸ ਕਿਸੇ ਵੀ ਦਰਦਨਾਕ ਸਥਿਤੀ ਨਾਲ ਨਿਪਟਣ ਲਈ ਹਰ ਸਮੇਂ ਤਿਆਰ ਰਹਿਣਗੀਆਂ। ਇਸ ਮੌਕੇ ਉਨ੍ਹਾਂ ਨੇ 44 ਵੱਡੇ ਹਸਪਤਾਲਾਂ ਦੇ ਨਾਵਾਂ ਵਾਲੀ ਡਾਇਰੈਕਟਰੀ ਜਾਰੀ ਕੀਤੀ, ਜਿਸ ਦਾ ਪ੍ਰਯੋਗ ਗੁਰਪੁਰਬ ਮੌਕੇ ਐਮਰਜੈਂਸੀ ਸਮੇਂ ਕੀਤਾ ਜਾ ਸਕੇਗਾ।
ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਨੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਪਣੇ ਕੋਟੇ 'ਚੋਂ ਇਕ ਸਵੀਪਿੰਗ ਮਸ਼ੀਨ ਤੋਂ ਇਲਾਵਾ ਸੀਵਰੇਜ ਦੀ ਸਫਾਈ ਲਈ ਇਕ ਮਸ਼ੀਨ ਦੇਣ ਦਾ ਐਲਾਨ ਕੀਤਾ। ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕੈਬਨਿਟ ਮੰਤਰੀ ਦੇ ਨਵੀਂ ਆਧੁਨਿਕ ਤਕਨੀਕ ਨਾਲ ਖੋਲ੍ਹੇ ਨਵੇਂ ਆਈ. ਸੀ. ਯੂ. ਵਾਰਡ ਅਤੇ ਟਰੋਮਾ ਸੈਂਟਰ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਦੀ ਹਲਕੇ ਨੂੰ ਬਹੁਤ ਵੱਡੀ ਜ਼ਰੂਰਤ ਸੀ। ਉਨ੍ਹਾਂ ਸਿਹਤ ਮੰਤਰੀ ਤੋਂ ਨਵੇਂ ਆਈ. ਸੀ. ਯੂ. ਵਾਰਡ ਅਤੇ ਟਰੋਮਾ ਸੈਂਟਰ ਤੋਂ ਇਲਾਵਾ ਪੁਰਾਣੇ ਸਿਵਲ ਹਸਪਤਾਲ 'ਚ ਵੀ ਡਾਕਟਰਾਂ ਤੇ ਹੋਰ ਸਟਾਫ ਦੀ ਘਾਟ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਮੰਗ ਕੀਤੀ, ਜਿਸ ਨੂੰ ਜਲਦੀ ਪੂਰਾ ਕਰਨ ਲਈ ਸਿਹਤ ਮੰਤਰੀ ਨੇ ਭਰੋਸਾ ਦਿੱਤਾ।