ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰੇਗੀ ਅਤੇ ਵਧੀਆ ਰਾਜ ਦੇਵੇਗੀ : ਜਾਖੜ
Tuesday, Jan 02, 2018 - 06:21 AM (IST)

ਜਲੰਧਰ(ਧਵਨ)—ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਰਾਜ 'ਚ ਕਾਂਗਰਸ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇਗੀ ਅਤੇ ਵਧੀਆ ਰਾਜ ਦੇਣ ਦੀ ਕੋਸ਼ਿਸ਼ ਕਰੇਗੀ। ਜਾਖੜ ਨੇ ਅੱਜ ਨਵੇਂ ਸਾਲ 2018 ਦੀ ਸ਼ੁਰੂਆਤ ਦੇ ਮੌਕੇ 'ਤੇ ਰਾਜ ਦੇ ਸਾਰੇ ਨਾਗਰਿਕਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ ਨਵਾਂ ਸਾਲ ਲੋਕਾਂ ਦੇ ਜੀਵਨ 'ਚ ਖੁਸ਼ੀਆਂ ਦੀ ਨਵੀਂ ਬਹਾਰ ਲੈ ਕੇ ਆਏ ਅਤੇ ਪੰਜਾਬ ਹਰ ਖੇਤਰ 'ਚ ਅਗਾਂਹਵਧੂ ਰਾਜ ਦੇ ਰੂਪ 'ਚ ਉਭਰ ਕੇ ਸਾਹਮਣੇ ਆਏ। ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨਵੇਂ ਸਾਲ 'ਚ ਕੋਸ਼ਿਸ਼ ਕਰੇਗੀ ਕਿ ਪੰਜਾਬ ਨੂੰ ਆਰਥਿਕ ਤੇ ਸਮਾਜਿਕ ਤੌਰ 'ਤੇ ਤਰੱਕੀ ਦੇ ਰਸਤੇ 'ਤੇ ਲਿਜਾਇਆ ਜਾਏ। ਉਨ੍ਹਾਂ ਕਿਹਾ ਕਿ ਇਕ ਬਿਹਤਰ ਪੰਜਾਬ ਦੀ ਸਿਰਜਣਾ ਕਰਨਾ ਸਰਕਾਰ ਦੇ ਏਜੰਡੇ 'ਚ ਸ਼ਾਮਲ ਹੈ ਅਤੇ ਇਸੇ ਉਦੇਸ਼ ਨਾਲ ਸਰਕਾਰ ਜਨਵਰੀ ਦੇ ਪਹਿਲੇ ਹਫਤੇ ਤੋਂ ਕਿਸਾਨਾਂ ਦੇ ਕਰਜ਼ੇ ਮੁਆਫ ਕਰੇਗੀ। ਉਨ੍ਹਾਂ ਕਿਹਾ ਕਿ ਉਦਯੋਗਾਂ ਨੂੰ ਵੀ ਕੈਪਟਨ ਸਰਕਾਰ ਵਲੋਂ ਆਪਣੇ ਵਾਅਦੇ ਅਨੁਸਾਰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਦਿੱਤੀ ਜਾਵੇਗੀ। ਜਾਖੜ ਨੇ ਕਿਹਾ ਕਿ ਦੁੱਖ ਦਾ ਵਿਸ਼ਾ ਹੈ ਕਿ ਪਿਛਲੇ 10 ਸਾਲਾਂ 'ਚ ਪੰਜਾਬ ਹਰ ਖੇਤਰ 'ਚ ਲਗਾਤਾਰ ਗਿਰਾਵਟ ਵੱਲ ਵਧਿਆ ਹੈ। ਸਾਬਕਾ ਸਰਕਾਰ ਨੇ ਪੰਜਾਬ ਨੂੰ ਸੰਭਾਲਣ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ 10 ਸਾਲ ਦਾ ਸਮਾਂ ਘੱਟ ਨਹੀਂ ਸੀ ਪਰ ਸਾਬਕਾ ਗਠਜੋੜ ਸਰਕਾਰ ਆਪਣੇ ਵਿਅਕਤੀਗਤ ਸੁਆਰਥਾਂ 'ਚ ਘਿਰੀ ਰਹੀ ਤੇ ਪੰਜਾਬ ਨੂੰ ਸੰਭਾਲਣ ਵੱਲ ਧਿਆਨ ਦੇਣ ਦੀ ਲੋੜ ਨਹੀਂ ਸਮਝੀ। ਉਨ੍ਹਾਂ ਕਿਹਾ ਕਿ ਹੁਣ ਕੈਪਟਨ ਸਰਕਾਰ ਵਲੋਂ ਰਾਜ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਕੋਸ਼ਿਸ਼ ਕੀਤੀ ਗਈ ਹੈ, ਜਿਸਦੇ ਨਤੀਜੇ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣਗੇ।