ਕਿਸਾਨਾਂ ''ਤੇ ਗੋਲੀ ਚਲਾਉਣਾ ''ਮੋਦੀ'' ਦੇ ਮੱਥੇ ''ਤੇ ਕਲੰਕ : ਜਾਖੜ

06/11/2017 7:51:37 AM

ਲੁਧਿਆਣਾ(ਰਿੰਕੂ ਦਾਨੀ)-ਦੇਸ਼ ਦੇ ਕਿਸਾਨ ਦੀ ਗੱਲ ਸੁਣਨ ਦੀ ਬਜਾਏ ਮੱਧ ਪ੍ਰਦੇਸ਼ ਸਰਕਾਰ ਵੱਲੋਂ ਕਿਸਾਨ ਅੰਦੋਲਨ ਨੂੰ ਸ਼ਾਂਤ ਕਰਨ ਅਤੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਬਜਾਏ ਅੰਦੋਲਨਕਾਰੀਆਂ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਅੱਧੀ ਦਰਜਨ ਤੋਂ ਵੱਧ ਅੰਨ ਦਾਤਾਵਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਮੋਦੀ ਸਰਕਾਰ ਦੇ ਮੱਥੇ 'ਤੇ ਵੱਡਾ ਕਲੰਕ ਹੈ। ਇਹ ਸ਼ਬਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਲੁਧਿਆਣਾ ਵਿਖੇ ਆਪਣੀ ਪਹਿਲੀ ਫੇਰੀ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਨ੍ਹਾਂ ਕਿਹਾ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਤੇ ਦੇਸ਼ ਦੇ ਧਨਾਢ ਲੋਕਾਂ ਦਾ ਕਰਜ਼ਾ ਮੁਆਫ ਕਰਨ ਵਾਲੇ ਸ਼੍ਰੀ ਮੋਦੀ ਨੇ ਕਿਸਾਨਾਂ ਨਾਲ ਜਬਰ ਤੇ ਜ਼ੁਲਮ ਹੀ ਨਹੀਂ ਕੀਤਾ ਸਗੋਂ ਉਨ੍ਹਾਂ ਨਾਲ ਵੱਡੀ ਬੇਇਨਸਾਫ ਕੀਤੀ ਹੈ। ਸ਼੍ਰੀ ਜਾਖੜ ਨੇ ਕਿਹਾ ਕਿ ਸਾਡੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਹਨ, ਜਿਸ ਵਿਚ ਕਿਸਾਨਾਂ ਦਾ ਕਰਜ਼ਾ ਮੁਆਫੀ ਵੀ ਸ਼ਾਮਲ ਹੈ, ਹੁਣ ਕੇਵਲ 7 ਦਿਨ ਦੀ ਉਡੀਕ ਬਾਕੀ ਹੈ ਕਿਉਂਕਿ ਬਜਟ ਸੈਸ਼ਨ ਦੌਰਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਤੇ ਹੋਰਨਾਂ ਵਰਗਾਂ ਨਾਲ ਕੀਤੇ ਚੋਣ ਵਾਅਦਿਆਂ ਬਾਰੇ ਵੱਡਾ ਫੈਸਲਾ ਕਰਨ ਜਾ ਰਹੇ ਹਨ।
ਉਨ੍ਹਾਂ ਅਕਾਲੀਆਂ 'ਤੇ ਵਰ੍ਹਦੇ ਹੋਏ ਕਿਹਾ ਕਿ 10 ਸਾਲ ਰਾਜ ਕਰਨ ਵਾਲੇ ਅਕਾਲੀ ਅੱਜ ਦੋ ਮਹੀਨਿਆਂ ਬਾਅਦ ਕਿਹੜੇ ਮੂੰਹ ਨਾਲ ਕਰਜ਼ੇ ਮੁਆਫ ਕਰਨ ਦੀ ਗੱਲ ਆਖ ਰਹੇ ਹਨ। ਪੰਜਾਬ ਵਿਚ ਕਾਂਗਰਸੀ ਵਰਕਰਾਂ ਦੀ ਪੁੱਛ ਪ੍ਰਤੀਤ ਤੇ ਸਰਕਾਰੀ ਦਰਬਾਰੇ ਅਫਸਰਸ਼ਾਹੀ ਦੇ ਦਬਦਬੇ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਸੀ., ਐੱਸ. ਐੱਸ. ਪੀ. ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁਲਾ ਕੇ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸ਼੍ਰੀ ਜਾਖੜ ਨੇ ਕਿਹਾ ਕਿ ਜਿਹੜੇ ਅਕਾਲੀ ਰੇਤ ਦੀਆਂ ਖਾਨਾਂ ਸਬੰਧੀ ਪ੍ਰਚਾਰ ਕਰ ਕੇ ਸਰਕਾਰ ਨੂੰ ਬਦਨਾਮ ਕਰ ਰਹੇ ਹਨ, ਸਰਕਾਰ ਜਲਦੀ ਹੀ ਉਨ੍ਹਾਂ ਚਿਹਰਿਆਂ ਨੂੰ ਬੇਨਕਾਬ ਕਰੇਗੀ ਜਿਨ੍ਹਾਂ ਨੇ 10 ਸਾਲਾਂ ਦੌਰਾਨ ਅਕਾਲੀ ਸਰਕਾਰ ਸਮੇਂ ਲੋਕਾਂ ਨੂੰ ਲੁੱਟਿਆ ਸੀ। ਪੰਜਾਬ ਵਿਚ ਮੰਤਰੀ ਮੰਡਲ ਦੇ ਵਾਧੇ ਬਾਰੇ ਪੁੱਛੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਮੁੱਖ ਮੰਤਰੀ ਦਾ ਮਾਮਲਾ ਹੈ। ਉਨ੍ਹਾਂ ਨਿਗਮ ਚੋਣਾਂ ਵਿਚ ਟਿਕਟਾਂ ਦੀ ਵੰਡ ਅਤੇ ਉਮੀਦਵਾਰਾਂ ਦੀ ਚੋਣ ਬਾਰੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਜਾਂ ਲੋਕਲ ਲੀਡਰਸ਼ਿਪ ਨੂੰ ਭਰੋਸੇ ਵਿਚ ਲੈ ਕੇ ਜਿੱਤ ਪ੍ਰਾਪਤ ਕਰਨ ਵਿਚ ਸਮਰੱਥ ਉਮੀਦਵਾਰ ਹੀ ਉਤਾਰੇ ਜਾਣਗੇ ਨਾ ਕਿ ਚੰਡੀਗ਼ੜ੍ਹ ਤੋਂ। ਇਸ ਮੌਕੇ ਸ਼੍ਰੀ ਜਾਖ਼ੜ ਨਾਲ ਲੁਧਿਆਣਾ ਤੋਂ ਐੱਮ. ਪੀ. ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਨ ਆਸ਼ੂ, ਵਿਧਾਇਕ ਸੁਰਿੰਦਰ ਡਾਬਰ, ਵਿਧਾਇਕ ਰਾਕੇਸ਼ ਪਾਂਡੇ, ਲਖਵੀਰ ਸਿੰਘ ਲੱਖਾ, ਸੰਜੇ ਤਲਵਾੜ, ਕੁਲਦੀਪ ਸਿੰਘ ਵੈਦ, ਅਮਰੀਕ ਸਿੰਘ ਢਿੱਲੋਂ ਤੋਂ ਇਲਾਵਾ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ, ਲੀਨਾ ਟਪਾਰੀਆ, ਸਾਬਕਾ ਐੱਮ. ਪੀ. ਅਮਰੀਕ ਸਿੰਘ ਆਲੀਵਾਲ, ਕੈਪਟਨ ਦੇ ਓ. ਐੱਸ. ਡੀ. ਜਗਦੀਪ ਸਿੱਧੂ, ਕੈਪ. ਸੰਦੀਪ ਸੰਧੂ, ਜਗਪਾਲ ਸਿੰਘ ਖੰਗੂੜਾ, ਮੇਜਰ ਸਿੰਘ ਭੈਣੀ, ਗੁਰਦੇਵ ਸਿੰਘ ਲਾਪਰਾਂ, ਗੁਰਪ੍ਰੀਤ ਗੋਗੀ ਦੋਵੇਂ ਜ਼ਿਲਾ ਪ੍ਰਧਾਨ, ਯੂਥ ਪ੍ਰਧਾਨ ਰਾਜੀਵ ਰਾਜਾ, ਕਮਲਜੀਤ ਕੜਵਲ, ਕੇ. ਕੇ. ਬਾਵਾ, ਅਮਰਜੀਤ ਸਿੰਘ ਟਿੱਕਾ, ਗੋਲਡੀ ਅਗਨੀਹੋਤਰੀ, ਪੰਮੀ ਘਵੱਦੀ, ਕੁਲਵੰਤ ਸਿੱਧੂ, ਰਮਨਜੀਤ ਲਾਲੀ, ਜੁੱਗੀ ਬਰਾੜ, ਨਰੇਸ਼ ਧੀਗਾਨ, ਅਨੰਦ ਸਰੂਪ ਮੋਹੀ, ਅਸ਼ੋਕ ਪਰਾਸ਼ਰ, ਜਸਵੀਰ ਚੱਢਾ, ਬਲਕਾਰ ਸੰਧੂ, ਪਾਲ ਸਿੰਘ ਗਰੇਵਾਲ, ਇੰਦਰ ਮੋਹਨ ਸਿੰਘ ਕਾਦੀਆਂ, ਰਮੇਸ਼ ਜੋਸ਼ੀ, ਸ਼ੋ ਮੈਨ ਸਤੀਸ਼ ਸ਼ਰਮਾ, ਵਿਪਨ ਵਿਨਾਇਕ, ਨਰਿੰਦਰ ਮੱਕੜ ਆਦਿ ਆਗੂ ਸ਼ਾਮਲ ਸਨ।


Related News