95 ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਕੀਤਾ ਸੀਚੇਵਾਲ ਮਾਡਲ ਦਾ ਅਧਿਐਨ (ਤਸਵੀਰਾਂ)

Sunday, Jul 21, 2019 - 02:02 PM (IST)

95 ਪਿੰਡਾਂ ਦੇ ਪੰਚਾਂ-ਸਰਪੰਚਾਂ ਨੇ ਕੀਤਾ ਸੀਚੇਵਾਲ ਮਾਡਲ ਦਾ ਅਧਿਐਨ (ਤਸਵੀਰਾਂ)

ਸੁਲਤਾਨਪੁਰ ਲੋਧੀ (ਬਿਊਰੋ) - ਰਾਜਪੁਰਾ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ 95 ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚ-ਸਰਪੰਚ, ਬਲਾਕ ਸੰਮਤੀ ਮੈਂਬਰ, ਜ਼ਿਲਾ ਪ੍ਰੀਸ਼ਦ ਮੈਂਬਰ ਅਤੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਸੀਚੇਵਾਲ ਮਾਡਲ ਦਾ ਅਧਿਐਨ ਕੀਤਾ। ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਪਿੰਡ ਸੀਚੇਵਾਲ 'ਚ ਆਉਣ ਦਾ ਉਨ੍ਹਾਂ ਦਾ ਮਕਸਦ ਇਹੋ ਹੀ ਸੀ ਕਿ ਉਨ੍ਹਾਂ ਦੇ ਆਪਣੇ ਹਲਕੇ ਦੇ ਪਿੰਡਾਂ ਦਾ ਵਿਕਾਸ ਸੀਚੇਵਾਲ ਮਾਡਲ ਦੀ ਤਰਜ਼ 'ਤੇ ਕੀਤਾ ਜਾ ਸਕੇ। ਇਸ ਮੌਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਇਸ ਸਮੇਂ ਪਾਣੀ ਦੇ ਸੰਕਟ 'ਚ ਫਸਿਆ ਹੋਇਆ ਹੈ।

PunjabKesari

ਪਿੰਡਾਂ ਦੇ ਇਕ ਵਾਰ ਵਰਤੇ ਗਏ ਪਾਣੀ ਨੂੰ ਸੋਧ ਕੇ ਮੁੜ ਵਰਤੋਂ 'ਚ ਲਿਆਉਣ ਨਾਲ ਧਰਤੀ ਹੇਠਲੇ ਪਾਣੀ 'ਤੇ ਦਬਾਅ ਘਟੇਗਾ। ਪਿੰਡਾਂ ਦਾ ਸੋਧਿਆ ਹੋਇਆ ਪਾਣੀ ਖੇਤੀ ਵਾਸਤੇ ਵਰਤੇ ਜਾਣ ਨਾਲ ਖਾਦਾਂ ਦੀ ਵਰਤੋਂ ਘੱਟ ਕਰਨੀ ਪਵੇਗੀ, ਜਿਸ ਨਾਲ ਕਿਸਾਨਾਂ 'ਤੇ ਆਰਥਿਕ ਬੋਝ ਘਟੇਗਾ। ਵਿਧਾਇਕ ਕੰਬੋਜ ਨੇ ਦੱਸਿਆ ਕਿ ਇਨ੍ਹਾਂ ਸਰਪੰਚਾਂ ਨੂੰ ਲਿਆਉਣ ਦਾ ਮਕਸਦ ਇਹੋ ਸੀ ਕਿ ਉਹ ਆਪਣੇ ਅੱਖੀਂ ਸੀਚੇਵਾਲ ਮਾਡਲ ਨੂੰ ਦੇਖ ਸਕਣ ਕਿ ਕਿਵੇਂ ਆਪੋ-ਆਪਣੇ ਪਿੰਡਾਂ 'ਚ ਸਥਾਪਤ ਕਰਨਾ ਹੈ, ਜਿਸ ਨਾਲ ਪਾਣੀ ਦੀ ਬੱਚਤ ਹੋ ਸਕੇ। ਵਿਧਾਨ ਸਭਾ ਅੰਦਰ ਕਈ ਵਾਰ ਸੀਚੇਵਾਲ ਮਾਡਲ ਦੀ ਚਰਚਾ ਹੋਈ ਸੀ ਤਾਂ ਉਨ੍ਹਾਂ ਨੇ ਵਿਚਾਰ ਬਣਾਇਆ ਸੀ ਕਿ ਆਪਣੇ ਹਲਕੇ ਦੇ ਸਰਪੰਚਾਂ ਨੂੰ ਮੌਕੇ 'ਤੇ ਜਾ ਕੇ ਦਿਖਾਇਆ ਜਾਵੇ।

PunjabKesari

ਸਰਪੰਚਾਂ ਨੇ ਪਿੰਡ ਸੀਚੇਵਾਲ ਅਤੇ ਹਰੀਪੁਰ 'ਚ ਬਣੇ ਮਾਡਲਾਂ ਨੂੰ ਦੇਖਣ ਮਗਰੋਂ ਇਨ੍ਹਾਂ ਦੀਆਂ ਬਰੀਕੀਆਂ 'ਤੇ ਜਾਣਕਾਰੀ ਹਾਸਲ ਕੀਤੀ। ਕੰਬੋਜ ਨੇ ਕਿਹਾ ਕਿ ਰਾਜਪੁਰਾ ਪੰਜਾਬ 'ਚ ਦਾਖਲ ਹੋਣ ਵਾਲਾ ਪਹਿਲਾ ਵਿਧਾਨ ਸਭਾ ਹਲਕਾ ਆਉਂਦਾ ਹੈ। ਇਸ ਕਰਕੇ ਉਨ੍ਹਾਂ ਦੀ ਇੱਛਾ ਸੀ ਕਿ ਦਿੱਲੀ ਵਾਲੇ ਪਾਸਿਓਂ ਪੰਜਾਬ 'ਚ ਦਾਖਲ ਹੋਣ ਵਾਲਿਆਂ ਨੂੰ ਇਸ ਹਲਕੇ ਦੀ ਬਦਲੀ ਹੋਈ ਨੁਹਾਰ ਦਿਸੇ। ਇਸ ਮੌਕੇ ਜ਼ਿਲਾ ਪ੍ਰੀਸ਼ਦ ਚੇਅਰਮੈਨ ਨਾਇਬ ਸਿੰਘ ਮਨੌਲੀ, ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਅਤੇ ਬੀ. ਡੀ. ਪੀ. ਓ. ਰਾਜਪੁਰਾ, ਸਰਪੰਚ ਤਜਿੰਦਰ ਸਿੰਘ ਆਦਿ ਹਾਜ਼ਰ ਸਨ।


author

rajwinder kaur

Content Editor

Related News