'ਆਪ' ਦਾ ਮੁਹੱਲਾ ਕਲੀਨਿਕ ਫੇਲ੍ਹ ਮਾਡਲ, CM ਮਾਨ ਫੋਰਟਿਸ ਜਾ ਕੇ ਕਰਵਾਉਂਦੇ ਚੈੱਕਅਪ: ਅਰਸ਼ਦੀਪ ਕਲੇਰ
Thursday, Mar 19, 2026 - 02:12 PM (IST)
ਸਮਾਣਾ (ਵੈੱਬ ਡੈਸਕ)- ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹਲਕਾ ਸਮਾਣਾ ਵਿਖੇ ਪੰਜਾਬ ਬਚਾਓ ਰੈਲੀ ਕੀਤੀ ਗਈ। ਇਸ ਦੌਰਾਨ ਆਪਣੇ ਸੰਬੋਧਨ ਵਿਚ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਖ਼ੂਬ ਤੰਜ ਕੱਸੇ। ਆਮ ਆਦਮੀ ਪਾਰਟੀ ਦੇ ਮੁਹੱਲਾ ਕਲੀਨਿਕ ਨੂੰ ਫੇਲ੍ਹ ਮਾਡਲ ਦੱਸਦੇ ਹੋਏ ਅਰਸ਼ਦੀਪ ਕਲੇਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਮੁਹੱਲਾ ਕਲੀਨਿਕ ਪੰਜਾਬ ਵਿਚ ਫੇਲ੍ਹ ਮਾਡਲ ਸਾਬਤ ਹੋਇਆ ਹੈ ਕਿਉਂਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈੱਕਅਪ ਕਰਵਾਉਣ ਦੀ ਲੋੜ ਪੈਂਦੀ ਹੈ ਤਾਂ ਉਹ ਮੁਹੱਲਾ ਕਲੀਨਿਕ ਵਿਚ ਜਾਣ ਦੀ ਬਜਾਏ ਬਾਦਲ ਸਾਬ੍ਹ ਵੱਲੋਂ ਬਣਾਏ ਗਏ ਫੋਰਟਿਸ ਹਸਪਤਾਲ ਵਿਚ ਜਾ ਕੇ ਜਨਰਲ ਚੈੱਕਅਪ ਕਰਵਾਉਂਦੇ ਹਨ।
ਅਰਸ਼ਦੀਪ ਨੇ ਕਿਹਾ ਕਿ ਅੱਜ ਪੰਜਾਬ ਉਸ ਚੋਰਾਹੇ 'ਤੇ ਖੜ੍ਹਾ ਹੈ, ਜਿੱਥੇ ਤੁਸੀਂ ਕੋਈ ਐਕਸਪੈਰੀਮੈਂਟ ਨਹੀਂ ਕਰ ਸਕਦੇ। ਪੰਜਾਬ ਦੇ ਨਾਲ ਦੋ ਵਾਰ ਠੱਗੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਮਾਰੀ ਹੈ। ਭਾਵੇਂ ਕਾਂਗਰਸ ਨੇ ਗੁਟਕਾ ਸਾਹਿਬ ਸਟੇਜ਼ 'ਤੇ ਲਿਆਂਦਾ ਹੋਵੇ, ਭਾਵੇਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਮਿਲ ਕੇ ਪੰਜਾਬ ਨਾਲ ਝੂਠ ਬੋਲਿਆ ਹੋਵੇ। ਤੁਸੀਂ ਆਪਣੇ ਆਲੇ-ਦੁਆਲੇ ਹੀ ਨਜ਼ਰ ਮਾਰ ਕੇ ਵੇਖ ਲਵੋ, 2017 'ਚ ਜਿੱਥੇ ਅਕਾਲੀ ਦਲ ਨੇ ਪੰਜਾਬ ਨੂੰ ਛੱਡਿਆ ਸੀ ਉਥੇ ਹੀ ਖੜ੍ਹਾ ਹੈ। ਜਿਹੜੀ ਸੜਕ ਜਿੱਥੇ ਰਹਿ ਗਈ ਸੀ, ਉਥੇ ਹੀ ਖੜ੍ਹੀ ਹੈ। ਕੋਈ ਵੀ ਵਿਕਾਸ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਨਹੀਂ ਹੋਇਆ ਹੈ। ਪੰਜਾਬ ਵਿਚ ਨਾ ਤਾਂ ਕਾਂਗਰਸ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਵੀ ਇੱਟ ਲਗਾਈ ਹੈ।
ਇਹ ਵੀ ਪੜ੍ਹੋ: ਸਿਆਸਤ 'ਚ ਹੋਣ ਜਾ ਰਿਹੈ ਵੱਡਾ ਧਮਾਕਾ! ਆਦਮਪੁਰ ਹਲਕੇ 'ਚ 'ਆਪ' ਨੂੰ ਲੱਗ ਸਕਦੈ ਵੱਡਾ ਝਟਕਾ

ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਸਵਾਲ ਚੁੱਕਦੇ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਹਾਲਾਤ ਅਜਿਹੇ ਬਣ ਗਏ ਹਨ ਕਿ ਸਵੇਰੇ ਘਰੋਂ ਨਿਕਲਣ ਵੇਲੇ ਹਰ ਕੋਈ ਇਹ ਸੋਚਦਾ ਹੈ ਕਿ ਸ਼ਾਮ ਨੂੰ ਅਸੀਂ ਘਰ ਪਹੁੰਚ ਸਕਣਾ ਹੈ ਜਾਂ ਨਹੀਂ। ਪੰਜਾਬ 'ਚ ਅੱਜ ਸ਼ਰੇਆਮ ਗੋਲ਼ੀਆਂ ਮਾਰੀਆਂ ਜਾ ਰਹੀਆਂ ਹਨ। ਨਿਕੰਮੀ ਸਰਕਾਰ ਅਤੇ ਨਿਕੰਮੇ ਮੁੱਖ ਮੰਤਰੀ ਦੇ ਕਾਰਨ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਲੋਕਾਂ ਦੇ ਸਿਰਾਂ ਵਿਚ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕੀਤੇ ਜਾ ਰਹੇ ਹਨ। ਪੰਜਾਬ ਅੱਜ ਉਸ ਪੁਰਾਣੇ ਦੌਰ 'ਚ ਪਹੁੰਚ ਚੁੱਕਾ ਹੈ ਕਿ ਹੁਣ ਪੁਲਸ ਥਾਣਿਆਂ ਵਿਚ ਵੀ ਪੁਲਸ ਮੁਲਾਜ਼ਮਾਂ 'ਤੇ ਗੋਲ਼ੀਆਂ ਵਰ੍ਹਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦੇ ਉਨ੍ਹਾਂ ਆਗੂਆਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ ਪੰਜਾਬ ਵਿਚ ਕਹਿੰਦੇ ਸਨ ਕਿ ਬਦਲਾਅ ਆਵੇਗਾ, ਅੱਜ ਅਜਿਹਾ ਬਦਲਾਅ ਆਇਆ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਹੀ ਕਤਲ ਤੱਕ ਹੋ ਰਹੇ ਹਨ।
ਇਹ ਵੀ ਪੜ੍ਹੋ: ਹੈਰਾਨੀਜਨਕ ! ਪੂਰੇ ਦੇਸ਼ 'ਚ 1,300 IAS ਅਫ਼ਸਰਾਂ ਦੇ ਅਹੁਦੇ ਖਾਲ੍ਹੀ, ਇਕੱਲੇ ਪੰਜਾਬ ’ਚ 33 ਅਹੁਦੇ ਸੱਖਣੇ

ਅਰਸ਼ਦੀਪ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਬੰਦਾ ਗਲਤ ਚੁਣ ਲਿਆ। ਭਗਵੰਤ ਮਾਨ ਸਟੇਜ਼ 'ਤੇ ਚਲਾਉਣ ਵਾਲਾ ਬੰਦਾ ਹੈ, ਭਗਵੰਤ ਮਾਨ ਸਿਰਫ਼ ਗੱਲਾਂ ਕਰਨ ਅਤੇ ਲੋਕਾਂ ਨੂੰ ਹਸਾਉਣ ਵਾਲਾ ਬੰਦਾ ਹੈ। ਭਗਵੰਤ ਮਾਨ ਨਾ ਰਾਜ ਕਰ ਸਕਦਾ ਹੈ ਅਤੇ ਨਾ ਸਟੇਟ ਚਲਾ ਸਕਦਾ ਤੇ ਨਾ ਹੀ ਪੰਜਾਬ ਦੇ ਲੋਕਾਂ ਲਈ ਭਲਾਈ ਦੇ ਕੰਮ ਕਰ ਸਕਦਾ ਹੈ। ਅੱਜ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਮੋੜਾ ਪਾਇਆ ਜਾਵੇ। ਪੰਜਾਬ ਵਿਚ ਸਿਰਫ਼ ਇਕੋ-ਇਕ ਪਾਰਟੀ ਹੀ ਕੰਮ ਕਰ ਸਕਦੀ ਹੈ, ਜੋਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਜੋ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਹਨ, ਉਹ ਹੋਰ ਕਿਸੇ ਪਾਰਟੀ ਨੇ ਨਹੀਂ ਕੀਤੇ ਹਨ ਅਤੇ ਜੇਕਰ ਕੋਈ ਕਰ ਸਕਦਾ ਹੈ ਤਾਂ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਹੀ ਕਰ ਸਕਦੇ ਹਨ।
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨਾਲ ਮਾਰੀ ਠੱਗੀ
100 ਰੁਪਏ ਦੇ ਕੀਤੇ ਗਏ ਐਲਾਨ 'ਤੇ ਬੋਲਦੇ ਅਰਸ਼ਦੀਪ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਾਂ ਪੰਜਾਬ ਵਿਚ ਔਰਤਾਂ ਨਾਲ ਵੀ ਠੱਗੀ ਮਾਰੀ ਹੈ। ਮੈਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਹੜਾ ਔਰਤਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਇਨ੍ਹਾਂ ਨੇ ਕੀਤਾ ਸੀ, ਉਹ 5 ਸਾਲਾਂ ਦਾ ਕੀਤਾ ਸੀ ਜਾਂ ਫਿਰ ਇਕੱਲਾ ਐਲਾਨਾਂ ਦਾ ਕੀਤਾ ਸੀ ਕਿ ਆਖਰੀ ਮਹੀਨੇ ਵਿਚ ਜਾ ਕੇ ਐਲਾਨ ਕਰਕੇ ਖਾਤਿਆਂ ਵਿਚ 1000 ਰੁਪਏ ਪਾ ਕੇ ਵੋਟਾਂ ਹਾਸਲ ਕਰ ਲਵਾਂਗੇ।
ਆਮ ਆਦਮੀ ਪਾਰਟੀ ਵਾਲੇ ਤਾਂ ਐਕਸਾਈਜ਼ ਵਿਚੋਂ ਕਹਿੰਦ ਸਨ ਕਿ 25 ਹਜ਼ਾਰ ਕਰੋੜ ਕਮਾਵਾਂਗੇ, ਉਹ ਕਿੱਥੇ ਗਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਸਨ ਕਿ ਅਸੀਂ ਕੋਈ ਵੀ ਕਰਜ਼ਾ ਨਹੀਂ ਲਵਾਂਗਾ ਪਰ ਸਭ ਤੋਂ ਵੱਧ ਕਰਜ਼ਾ ਲੈਣ ਵਾਲੀ ਸਰਕਾਰ ਆਮ ਆਦਮੀ ਪਾਰਟੀ ਹੀ ਬਣੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਬਚਾਉਣਾ ਹੈ ਤਾਂ ਆਓ ਸਾਰੇ ਤੋਹਈਆ ਕਰ ਲਈਏ। ਆਓ ਸਾਰੇ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੀਏ ਅਤੇ ਦੋਬਾਰਾ ਮਿਲ ਕੇ ਸੁਨਹਿਰਾ ਪੰਜਾਬ ਬਣਾਈਏ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਨੂੰ ਮਿਲੇ ਸਾਬਕਾ MP ਜਸਬੀਰ ਸਿੰਘ ਡਿੰਪਾ, ਪੰਜਾਬ ਦੀ ਸਿਆਸਤ ’ਤੇ ਹੋਈ ਚਰਚਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
