ਅਜੇ ਤੱਕ ਪੰਜਾਬ ''ਚ ਆਜ਼ਾਦੀ ਦੀ ਠੰਡੀ ਹਵਾ ਨਹੀਂ ਪਹੁੰਚੀ: ਖਹਿਰਾ

08/15/2018 6:13:07 PM

ਖੰਨਾ/ਈਸੜੂ(ਬੈਨੀਪਾਲ)— ਸ਼ਹੀਦ ਕਰਨੈਲ ਸਿੰਘ ਈਸੜੂ ਦੀ ਬਰਸੀ ਮੌਕੇ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਆਪਣੇ ਸਮਰਥਕਾਂ ਤੇ ਵਿਧਾਇਕਾਂ ਨਾਲ ਈਸੜੂ ਵਿਖੇ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸ. ਕਰਨੈਲ ਸਿੰਘ ਅਤੇ ਸ. ਭੁਪਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਜਨਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ. ਕਰਨੈਲ ਸਿੰਘ ਈਸੜੂ ਨੇ ਗੋਆ ਦੀ ਆਜ਼ਾਦੀ ਲਈ ਮਹਾਨ ਯੋਗਦਾਨ ਪਾਇਆ ਹੈ।

ਉਨ੍ਹਾਂ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਏ 70 ਸਾਲ ਹੋ ਚੁੱਕੇ ਹਨ ਪਰ ਪੰਜਾਬ 'ਚ ਅਜੇ ਤੱਕ ਵੀ ਆਜ਼ਾਦੀ ਦੀ ਠੰਡੀ ਹਵਾ ਨਹੀਂ ਚੱਲੀ ਹੈ। ਇਥੇ ਭ੍ਰਿਸ਼ਟਾਚਾਰ ਦਾ ਧੰਦਾ ਅਜੇ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ। ਆਮ ਨਾਗਰਿਕਾਂ ਦੇ ਨਾਲ ਸ਼ਰੇਆਮ ਲੁੱਟ-ਖਸੁੱਟ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਪੰਜਾਬ 'ਤੇ ਕੋਈ ਵੀ ਕਰਜ਼ਾ ਨਹੀਂ ਸੀ ਪਰ ਹੁਣ ਸੂਬਾ ਢਾਈ ਲੱਖ ਕਰੋੜ ਰੁਪਏ ਦਾ ਕਰਜ਼ਦਾਰ ਬਣ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਥੇ 60 ਫੀਸਦੀ ਪੈਸਾ ਰਿਸ਼ਵਤਖੋਰੀ 'ਚ ਜਾ ਰਿਹਾ ਹੈ। 21 ਵੀਂ ਸਦੀ 'ਚ ਵੀ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਜ਼ਮੀਨ 'ਤੇ ਬਿਠਾ ਕੇ ਪੜ੍ਹਾਇਆ ਜਾ ਰਿਹਾ ਹੈ। ਲੋਕਾਂ ਦੇ ਜਜ਼ਬਾਤਾਂ ਨਾਲ ਸਿਰਫ ਖੇਡਿਆ ਜਾ ਰਿਹਾ ਹੈ। 

PunjabKesari

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੱਤਾ 'ਚ ਆਉਣ ਤੋਂ ਪਹਿਲਾਂ ਕੈਪਟਨ ਨੇ ਜੋ ਵਾਅਦੇ ਜਨਤਾ ਨਾਲ ਕੀਤੇ ਸਨ, ਉਹ ਹੁਣ ਆਪਣੇ ਸਾਰੇ ਵਾਅਦਿਆਂ ਤੋਂ ਮੁਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੇ ਵੋਟਾਂ ਹੀ ਲੈਣੀਆਂ ਸਨ ਤਾਂ ਪੰਜਾਬ ਦੇ ਲੋਕਾਂ ਨਾਲ ਇਨਸਾਫ ਕੌਣ ਕਰੇਗਾ। ਬੇਅਦਬੀ ਦੇ ਮਾਮਲੇ 'ਚ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਵੀ ਬੇਅਦਬੀ ਦੀਆਂ ਘਟਨਾਵਾਂ 'ਚ ਕੁਝ ਨਹੀਂ ਸੀ ਕਿ ਅਤੇ ਹੁਣ ਵਾਲੀ ਸਰਕਾਰ ਵੀ ਇਸ ਦੀ ਜਾਂਚ ਠੰਡੇ ਬਸਤੇ 'ਚ  ਪਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦਾ ਹੈ। 

PunjabKesari

ਬੇਰੋਜ਼ਗਾਰੀ ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ 'ਚ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਏ ਜਾਣ ਤਾਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁਖ ਨਾ ਕਰਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਨਸ਼ਿਆਂ ਦੀ ਦਲਦਲ 'ਚ ਫਸਦੇ ਜਾ ਰਹੇ ਹਨ। ਬੇਰੋਜ਼ਗਾਰ ਹੋਣ ਕਰਕੇ ਨੌਜਵਾਨ ਅਜਿਹੇ ਰਸਤਿਆਂ 'ਤੇ ਚੱਲਣ ਲੱਗ ਜਾਂਦੇ ਹਨ। ਰੈਲੀ ਦੌਰਾਨ ਸੁਖਪਾਲ ਖਹਿਰਾ ਤੋਂ ਇਲਾਵਾ ਵਿਧਾਇਕ ਕੰਵਰ ਸੰਧੂ, ਪਿਰਮਲ ਸਿੰਘ, ਜਗਦੇਵ ਸਿੰਘ ਕਮਾਲੂ, ਜੈ ਕਿਸ਼ਨ ਰੋੜੀ, ਮਾਸਟਰ ਬਲਦੇਵ ਸਿੰਘ ਆਦਿ ਸਮੇਤ ਭਾਰੀ ਗਿਣਤੀ 'ਚ ਵਾਲੰਟੀਅਰਾਂ ਦੇ ਨਾਲ ਲੋਕਾਂ ਦਾ ਇਕੱਠ ਮੌਜੂਦ ਸੀ।


Related News