ਕੀ ਕੇਜਰੀਵਾਲ ਵਾਕਿਆ ਹੀ ਤਾਨਾਸ਼ਾਹ!
Tuesday, Nov 06, 2018 - 06:30 PM (IST)

ਜਲੰਧਰ (ਜਸਬੀਰ ਵਾਟਾਂਵਾਲੀ) : ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਫਿਰ ਤਾਨਾਸ਼ਾਹ ਕਰਾਰ ਦਿੱਤਾ। ਖਹਿਰਾ ਅਤੇ ਸੰਧੂ ਨੇ ਕੇਜਰੀਵਾਲ ਨੂੰ ਇਸ ਲਈ ਤਾਨਾਸ਼ਾਹ ਕਰਾਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢਣ ਲਈ ਪਾਰਟੀ ਦੇ ਖੁਦ ਦੇ ਬਣਾਏ ਹੋਏ ਸੰਵਿਧਾਨ ’ਤੇ ਵੀ ਉਨ੍ਹਾਂ ਵੱਲੋਂ ਅਮਲ ਨਹੀਂ ਕੀਤਾ ਗਿਆ ਅਤੇ ਨਾ ਹੀ ਉਨ੍ਹਾਂ ਸ਼ੋਅਕਾਜ ਨੋਟਿਸ ਜਾਰੀ ਕੀਤਾ ਗਿਆ । ਇੱਥੇ ਹੀ ਬਸ ਨਹੀਂ ਉਨ੍ਹਾਂ ਨੇ ਖੁਦ ਨੂੰ ਪਾਰਟੀ ਵਿਚੋਂ ਗੈਰ ਸੰਵਿਧਾਨਿਕ ਤਰੀਕੇ ਨਾਲ ਕੱਢੇ ਜਾਣ ਦੇ ਵਿਰੋਧ ਵਜੋਂ ਕੇਜਰੀਵਾਲ ਨੂੰ ਨੋਟਿਸ ਜਾਰੀ ਕਰਨ ਦਾ ਵੀ ਫੈਸਲਾ ਲਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਮ ਤੌਰ 'ਤੇ ਲੋਕ ਮੋਦੀ ਤੇ ਰਾਹੁਲ ਨੂੰ ਤਾਨਾਸ਼ਾਹ ਕਹਿੰਦੇ ਹਨ, ਪਰ ਕੇਜਰੀਵਾਲ ਉਨ੍ਹਾਂ ਤੋਂ ਵੀ ਵੱਡਾ ਤਾਨਾਸ਼ਾਹ ਹੈ, ਕਿਉਂਕਿ ਦੇਸ਼ ਦੇ ਝੰਡੇ 'ਤੇ ਅੱਜ ਤਕ ਉਨ੍ਹਾਂ ਨੇ ਆਪਣੀ ਫੋਟੋ ਨਹੀਂ ਲਗਾਈ, ਜੋ ਕੇਜਰੀਵਾਲ ਨੇ ਲਗਾਈ ਹੋਈ ਹੈ। ਕੇਜਰੀਵਾਲ ’ਤੇ ਲੱਗਦੇ ਤਾਨਾਸ਼ਾਹ ਦੇ ਦੋਸ਼ਾਂ ਨੂੰ ਉਨ੍ਹਾਂ ਦੇ ਵਿਰੋਧੀ ਭਾਜਪਾ ਅਤੇ ਕਾਂਗਕਸੀ ਆਗੂਆਂ ਨੇ ਵੀ ਉਨ੍ਹਾਂ ਦੇ ਤਾਨਾਸ਼ਾਹ ਹੋਣ ਦੀ ਅਨੇਕਾਂ ਵਾਰ ਗਵਾਹੀ ਭਰੀ ਹੈ।
ਜਿਕਰਯੋਗ ਹੈ ਕਿ ਕੇਜਰੀਵਾਲ ਨੂੰ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਪਾਰਟੀ ਤੋਂ ਬਾਗੀ ਹੋਏ ਕਈ ਵਿਧਾਇਕ ਤਾਨਾਸ਼ਾਹ ਕਰਾਰ ਦੇ ਚੁੱਕੇ ਹਨ। ਇਨ੍ਹਾਂ ਵਿਚ ਉਨ੍ਹਾਂ ਦੇ ਸਭ ਤੋਂ ਨੇੜਦਾਰ ਸਮਝੇ ਜਾਣ ਵਾਲੇ ਕੁਮਾਰ ਵਿਸ਼ਵਾਸ ਨੇ ਕੇਜਰੀਵਾਲ ਨਾਲੋਂ ਬਾਗੀ ਹੋਣ ਤੋਂ ਬਾਅਦ ਤਾਂ ਉਨ੍ਹਾਂ ਨੂੰ ‘ਕਿਮ ਜੋਂਗ ਉਨ’ ਅਤੇ ‘ਚੰਦਾ ਗੁਪਤ’ ਤਕ ਵੀ ਆਖ ਦਿੱਤਾ ਸੀ। ਇਨ੍ਹਾਂ ਤੋਂ ਇਲਾਵਾ ਯੋਗੇਂਦਰ ਯਾਦਵ ਅਤੇ ਪ੍ਰਸ਼ਾਂਤ ਭੂਸ਼ਣ ਵੀ ਕੇਜਰੀਵਾਲ ਨੂੰ ਤਾਨਾਸ਼ਾਹ ਆਖ ਚੁੱਕੇ ਹਨ ਅਤੇ ਉਸ ਉੱਤੇ ਗੈਰਸੰਵਿਧਾਨਿਕ ਕਾਰਵਾਈਆਂ ਕਰਨ ਦੇ ਦੋਸ਼ ਲਗਾ ਚੁੱਕੇ ਹਨ।
ਗੱਲ ਸਿਰਫ ਇਕੱਲੇ ਪੰਜਾਬ ਦੀ ਹੀ ਕਰੀਏ ਤਾਂ ਸੂਬੇ ਵਿਚੋਂ ਉਨ੍ਹਾਂ ਵੱਲੋਂ ਕੱਢੇ ਗਏ ਸੁੱਚਾ ਸਿੰਘ ਛੋਟੇਪੁਰ, ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਵੀ ਉਨ੍ਹਾਂ ਉੱਤੇ ਤਾਨਾਸ਼ਾਹ ਹੋਣ ਦੇ ਦੋਸ਼ ਲਗਾ ਚੁੱਕੇ ਹਨ। ਜਿਕਰਯੋਗ ਹੈ ਕਿ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਉਸ ਮੌਕੇ ਪਾਰਟੀ ਵਿਚੋਂ ਕੱਢਿਆ ਸੀ, ਜਦੋਂ ਚੋਣਾ ਵਿਚ ਸਿਰਫ ਤੇ ਸਿਰਫ 5 ਮਹੀਨੇ ਰਹਿੰਦੇ ਸਨ। ਇਸੇ ਤਰ੍ਹਾਂ ਦੀ ਕਾਰਵਾਈ ਉਨ੍ਹਾਂ ਵੱਲੋਂ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਖਿਲਾਫ ਵੀ ਕੀਤੀ ਗਈ ਸੀ। ਇਸ ਕਾਰਵਾਈ ਤੋਂ ਬਾਅਦ ਡਾ. ਧਰਮਵੀਰ ਗਾਂਧੀ ਹਰ ਸਟੇਜ ਤੋਂ ਉਨ੍ਹਾਂ ਨੂੰ ਦੇਸ਼ ਦਾ ਵੱਡਾ ਤਾਨਾਸ਼ਾਹ ਕਰਾਰ ਦਿੰਦੇ ਰਹੇ ਨੇ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰਕਾਰ ਕੇਜਰੀਵਾਲ ਉੱਤੇ ਤਾਨਾਸ਼ਾਹ ਦੇ ਏਨੇ ਸਾਰੇ ਲੋਕਾਂ ਵੱਲੋਂ ਦੋਸ਼ ਕਿਉਂ ਲਗਾਏ ਜਾ ਰਹੇ ਹਨ ? ਸੱਚਾਈ ਇਹ ਹੈ ਕਿ ਜੇਕਰ ਲੋਕ ਸੰਵਿਧਾਨਿਕ ਗੱਲਾਂ ਦੀ ਦੁਹਾਈ ਦੇਣ ਵਾਲੇ ਕੇਜਰੀਵਾਲ ਖੁਦ ਹੀ ਗੈਰ ਸੰਵਿਧਾਨਿਕ ਕਾਰਵਾਈਆਂ ਕਰਦੇ ਰਹਿਣਗੇ ਤਾਂ ਉਨ੍ਹਾਂ ਨੂੰ ਤਾਨਾਸ਼ਾਹ ਕਿਹਾ ਜਾਣਾ ਸੁਭਾਵਿਕ ਹੈ।