ਚੰਡੀਗੜ੍ਹ : ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ 'ਸੁਖ਼ਨਾ ਝੀਲ' ਦਾ ਪਾਣੀ, ਅਧਿਕਾਰੀਆਂ ਨੇ ਵਧਾਈ ਨਿਗਰਾਨੀ

07/11/2022 11:21:07 AM

ਚੰਡੀਗੜ੍ਹ (ਰਾਜਿੰਦਰ) : ਸ਼ਹਿਰ 'ਚ ਕੁੱਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਸੁਖ਼ਨਾ ਝੀਲ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ, ਜੋ ਕਿ 10 ਦਿਨਾਂ 'ਚ 1161.25 ਫੁੱਟ ’ਤੇ ਪਹੁੰਚ ਗਿਆ ਹੈ। ਸੁਖ਼ਨਾ 'ਚ ਪਾਣੀ ਦੇ ਪੱਧਰ ਨੂੰ 1163 ਫੁੱਟ ’ਤੇ ਖ਼ਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ। ਪਿਛਲੇ ਸਾਲ ਤਾਂ ਪ੍ਰਸ਼ਾਸਨ ਨੇ 1162 ਫੁੱਟ ਦੇ ਆਸ-ਪਾਸ ਹੀ ਫਲੱਡ ਗੇਟ ਖੋਲ੍ਹਣੇ ਸ਼ੁਰੂ ਕਰ ਦਿੱਤੇ ਸਨ ਤਾਂ ਜੋ ਆਸ-ਪਾਸ ਦੇ ਇਲਾਕਿਆਂ 'ਚ ਪਾਣੀ ਭਰਨ ਦਾ ਖ਼ਤਰਾ ਨਾ ਹੋਵੇ। ਇਹੀ ਕਾਰਨ ਹੈ ਕਿ ਪਿਛਲੀ ਵਾਰ ਇੰਜੀਨੀਅਰਿੰਗ ਵਿਭਾਗ ਨੂੰ ਸੁਖ਼ਨਾ ਝੀਲ ਦੇ ਕਈ ਫਲੱਡ ਗੇਟ ਖੋਲ੍ਹਣੇ ਪਏ ਸਨ।

ਇਹ ਵੀ ਪੜ੍ਹੋ : ਹੁਸ਼ਿਆਰਪੁਰ ਪੁਲਸ ਨੂੰ ਮਿਲਿਆ 'ਲਾਰੈਂਸ ਬਿਸ਼ਨੋਈ' ਦਾ ਟ੍ਰਾਂਜਿਟ ਰਿਮਾਂਡ, ਸਖ਼ਤ ਸੁਰੱਖਿਆ ਹੇਠ ਹੋਈ ਪੇਸ਼ੀ

ਦੱਸਣਯੋਗ ਹੈ ਕਿ ਕੈਚਮੈਂਟ ਏਰੀਆ 'ਚ ਵੀ ਚੰਗਾ ਮੀਂਹ ਪੈ ਜਾਂਦਾ ਹੈ ਤਾਂ ਸੁਖ਼ਨਾ ਝੀਲ 'ਚ ਪਾਣੀ ਦਾ ਪੱਧਰ ਅਚਾਨਕ ਵੱਧ ਜਾਂਦਾ ਹੈ ਕਿਉਂਕਿ ਕੈਚਮੈਂਟ ਏਰੀਆ ਦਾ ਪਾਣੀ ਸੁਖ਼ਨਾ ਝੀਲ 'ਚ ਸ਼ਾਮਲ ਹੁੰਦਾ ਹੈ। ਇਹੀ ਕਾਰਨ ਹੈ ਕਿ ਝੀਲ ’ਤੇ ਅਧਿਕਾਰੀਆਂ ਦੀ ਤਾਇਨਾਤੀ ਦੇ ਨਾਲ ਹੀ ਹਰ ਘੰਟੇ ਬਾਅਦ ਪਾਣੀ ਦੇ ਪੱਧਰ ਦੀ ਜਾਣਕਾਰੀ ਲਈ ਜਾਂਦੀ ਹੈ। ਯੂ. ਟੀ. ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਖ਼ਨਾ ਝੀਲ 'ਚ ਪਾਣੀ ਦੇ ਪੱਧਰ ਦੇ ਵੱਧਣ ਕਾਰਨ ਹੀ ਝੀਲ ’ਤੇ ਵਿਭਾਗ ਦੇ ਮੁਲਾਜ਼ਮਾਂ ਦੀ ਪਹਿਲਾਂ ਹੀ ਤਾਇਨਾਤੀ ਕਰ ਦਿੱਤੀ ਗਈ ਹੈ। ਪੰਜਾਬ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ, ਤਾਂ ਕਿ ਜੇਕਰ ਸੁਖ਼ਨਾ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉੱਥੇ ਪਹਿਲਾਂ ਹੀ ਉੱਚਿਤ ਪ੍ਰਬੰਧ ਕੀਤੇ ਜਾ ਸਕਣ।

ਇਹ ਵੀ ਪੜ੍ਹੋ : ਚੰਡੀਗੜ੍ਹ ਸਕੂਲ ਹਾਦਸੇ ’ਚ ਮਾਰੀ ਗਈ ਹਿਰਾਕਸ਼ੀ ਦਾ ਹੋਇਆ ਸਸਕਾਰ, ਰੋ-ਰੋ ਬੇਹਾਲ ਹੋਏ ਮਾਪੇ

ਇਸ ਤੋਂ ਪਹਿਲਾਂ 2020 'ਚ ਪਾਣੀ ਦਾ ਪੱਧਰ 1163.40 ਫੁੱਟ ’ਤੇ ਪਹੁੰਚਣ ਤੋਂ ਬਾਅਦ ਹੀ ਫਲੱਡ ਗੇਟ ਖੋਲ੍ਹੇ ਗਏ ਸਨ, ਜਿਸ ਕਾਰਨ ਸੁਖ਼ਨਾ ਚੋਅ ਵੀ ਓਵਰਫਲੋਅ ਹੋ ਗਿਆ ਸੀ। ਇਸ ਕਾਰਨ ਬਲਟਾਣਾ ਏਰੀਆ 'ਚ ਵੀ ਪਾਣੀ ਦਾਖ਼ਲ ਹੋ ਗਿਆ ਸੀ। ਇਹੀ ਕਾਰਨ ਹੈ ਕਿ ਪਿਛਲੇ ਸਾਲ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਫਲੱਡ ਗੇਟ ਖੋਲ੍ਹ ਕੇ ਥੋੜ੍ਹਾ-ਥੋੜ੍ਹਾ ਪਾਣੀ ਛੱਡਿਆ ਗਿਆ, ਤਾਂ ਕਿ ਕਿਸੇ ਵੀ ਏਰੀਆ 'ਚ ਪਾਣੀ ਨਾ ਭਰੇ। ਇਸ ਤੋਂ ਇਲਾਵਾ ਸੁਖ਼ਨਾ ਚੋਅ ਦੀ ਸਫ਼ਾਈ ਕਰਨ ਦਾ ਵੀ ਵਿਭਾਗ ਯਤਨ ਕਰ ਰਿਹਾ ਹੈ, ਤਾਂ ਕਿ ਪਾਣੀ ਛੱਡਣ ’ਤੇ ਚੋਅ ਓਵਰਫਲੋਅ ਨਾ ਹੋਵੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News