ਰੰਧਾਵਾ ਵੱਲੋਂ ਭਗਤ ਸਿੰਘ ਨੂੰ ਕੌਮੀ ਪੱਧਰ ''ਤੇ ਸ਼ਹੀਦ ਦਾ ਦਰਜਾ ਦੇਣ ਦੀ ਮੰਗ

Saturday, Sep 28, 2019 - 06:15 PM (IST)

ਰੰਧਾਵਾ ਵੱਲੋਂ ਭਗਤ ਸਿੰਘ ਨੂੰ ਕੌਮੀ ਪੱਧਰ ''ਤੇ ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਨਵਾਂਸ਼ਹਿਰ/ਬੰਗਾ (ਤ੍ਰਿਪਾਠੀ/ਚਮਨ ਲਾਲ/ਰਾਕੇਸ਼/ਪੂਜਾ, ਮੂੰਗਾ)— ਅੱਜ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦਾ 112ਵਾਂ ਜਨਮ ਦਿਹਾੜਾ ਮਨਾਇਆ ਗਿਆ। ਇਸ ਮੇਕੇ ਪੰਜਾਬ ਦੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬੀਆਂ ਵੱਲੋਂ ਦੇਸ਼ ਦੀ ਆਜ਼ਾਦੀ 'ਚ ਪਾਏ ਯੋਗਦਾਨ ਨੂੰ ਦੇਸ਼ ਪੱਧਰ 'ਤੇ ਸਨਮਾਨ ਮਿਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਆਂਢੀ ਦੇਸ਼ 'ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ 'ਤੇ ਚੌਕ ਦਾ ਨਾਮਕਰਣ ਕੀਤਾ ਜਾ ਚੁੱਕਾ ਹੈ ਅਤੇ ਸਾਡੇ ਆਪਣੇ ਦੇਸ਼ 'ਚ ਸ਼ਹੀਦ-ਏ-ਆਜ਼ਮ ਅਤੇ ਉਨ੍ਹਾਂ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਪੱਧਰ 'ਤੇ ਸ਼ਹੀਦ ਦਾ ਦਰਜਾ ਨਾ ਮਿਲਣਾ ਹੀ ਬੜੇ ਦੁੱਖ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਦੇਸ਼ ਦੀ ਆਨ ਅਤੇ ਸ਼ਾਨ ਲਈ ਮਰ-ਮਿਟਣ ਵਾਲੇ ਬਾਗੀ ਨਹੀਂ ਸਗੋਂ ਇਨਕਲਾਬੀ ਹੁੰਦੇ ਹਨ। ਜਦੋਂ ਉਹ ਇਨਕਲਾਬ ਲਿਆਉਣ 'ਚ ਸਫਲ ਹੋ ਗਏ ਸਨ ਤਾਂ ਹੁਣ ਉਨ੍ਹਾਂ ਨੂੰ ਇਤਿਹਾਸ 'ਚ ਬਾਗੀ ਨਹੀਂ ਸਗੋਂ ਸ਼ਹੀਦ ਦਾ ਦਰਜਾ ਮਿਲਣਾ ਜ਼ਰੂਰੀ ਹੈ।

ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਅਤੇ ਸ਼ਹੀਦ ਭਗਤ ਸਿੰਘ ਦੇ 112ਵੇਂ ਜਨਮ ਦਿਹਾੜੇ 'ਤੇ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਵਹਿਮਾਂ-ਭਰਮਾਂ ਨੂੰ ਖਤਮ ਕੀਤਾ ਅਤੇ ਭਗਤ ਸਿੰਘ ਨੇ ਦੇਸ਼ ਦੇ ਲੋਕਾਂ ਨਾਲ ਹਰ ਪੱਖ 'ਤੇ ਹੋ ਰਹੇ ਭੇਦਭਾਵ ਨੂੰ ਨਾ ਜਰਦਿਆਂ ਸਮੇਂ ਦੀ ਹਕੂਮਤ ਦੇ ਜ਼ੁਲਮਾਂ ਖਿਲਾਫ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣਿਆ।
ਸਾਬਕਾ ਮੁੱਖ ਮੰਤਰੀ ਸਵ. ਗਿਆਨੀ ਜ਼ੈਲ ਸਿੰਘ ਦੀ ਸਰਕਾਰ ਮੌਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਨੂੰ ਵਿਧਾਨ ਸਭਾ ਦੇ ਪਿਛਲੇ ਲਾਅਨ 'ਚ 'ਪੰਜਾਬ ਮਾਤਾ' ਦਾ ਖਿਤਾਬ ਦੇਣ ਦੇ ਇਤਿਹਾਸਕ ਮੌਕੇ ਦੇ ਗਵਾਹ ਹੋਣ ਦਾ ਜ਼ਿਕਰ ਕਰਦੇ ਉਨ੍ਹਾਂ ਕਿਹਾ ਕਿ ਦੇਸ਼ ਦੀ ਆਨ ਅਤੇ ਸ਼ਾਨ ਲਈ ਸ਼ਹੀਦ ਹੋਣ ਵਾਲੇ ਪਰਿਵਾਰਾਂ ਦਾ ਮਾਣ-ਸਨਮਾਨ ਬਹਾਲ ਰੱਖਣਾ ਸਾਡੀ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਆਪਣੇ ਪਿਤਾ ਅਤੇ ਉਸ ਮੌਕੇ ਦੀ ਸਰਕਾਰ 'ਚ ਮੰਤਰੀ ਸਵ. ਸੰਤੋਖ ਸਿੰਘ ਰੰਧਾਵਾ ਦੀ ਮਿਸਾਲ ਦਿੰਦੇ ਕਿਹਾ ਕਿ ਉਹ ਖਟਕੜ ਕਲਾਂ ਤੋਂ ਲੰਘਦੇ ਹੋਏ ਹਮੇਸ਼ਾ ਇਸ ਧਰਤੀ ਨੂੰ ਨਤਮਸਤਕ ਹੋ ਕੇ ਲੰਘਦੇ ਸਨ।

PunjabKesari

ਸਹਿਕਾਰਤਾ ਮੰਤਰੀ ਰੰਧਾਵਾ ਨੇ ਇਸ ਮੌਕੇ ਜਿੱਥੇ ਜ਼ਿਲੇ ਦੇ ਪਹਿਲਾਂ ਦੋ ਸਿਰਫ ਲੜਕੀਆਂ ਦੀ ਮੈਂਬਰਸ਼ਿੱਪ 'ਤੇ ਆਧਾਰਿਤ ਮੰਢਾਲੀ ਅਤੇ ਕਾਹਮਾ ਪਿੰਡਾਂ ਦੇ ਯੁਵਕ ਸੇਵਾਵਾਂ ਕਲੱਬ ਦੀ ਸ਼ੁਰੂਆਤ ਕੀਤੀ, ਉੱਥੇ ਹੀ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਸੁਖਦੇਵ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਇਨ੍ਹਾਂ ਮੈਂਬਰਾਂ 'ਚ ਸ਼ਹੀਦ ਭਗਤ ਸਿੰਘ ਦੇ ਪਰਿਵਾਰ 'ਚੋਂ ਉਨ੍ਹਾਂ ਦੇ ਭਰਾ ਕੁਲਤਾਰ ਸਿੰਘ ਦੇ ਬੇਟੇ ਕਿਰਨਜੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਨਜੀਤ ਕੌਰ, ਚਾਚਾ ਸਵਰਨ ਸਿੰਘ ਦੀ ਪੋਤੀ ਜਸਮੀਤ ਕੌਰ, ਸ਼ਹੀਦ ਸੁਖਦੇਵ ਦੇ ਭਤੀਜੇ ਅਸ਼ੋਕ ਥਾਪਰ, ਸੰਦੀਪ ਥਾਪਰ ਤੇ ਰਿਸ਼ਤੇ 'ਚੋਂ ਪੋਤੇ ਤ੍ਰਿਭਵਨ ਥਾਪਰ ਸ਼ਾਮਿਲ ਸਨ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਰਾਜ ਪੱਧਰੀ ਸਮਾਗਮ ਵਜੋਂ ਮਨਾਉਂਦੇ ਹੋਏ ਇਸ ਮੌਕੇ ਮਿਊਜ਼ੀਅਮ 'ਚ ਬਣੇ ਆਡੀਟੋਰੀਅਮ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁਕੰਦਪੁਰ ਦੇ ਵਿਦਿਆਰਥੀਆਂ ਵੱਲੋਂ ਕਵੀਸ਼ਰੀ, ਪੰਜਾਬ ਸੰਗਤ-ਨਾਟਕ ਅਕਾਦਮੀ ਚੰਡੀਗੜ੍ਹ ਵੱਲੋਂ ਭੇਜੀ ਨਾਟ ਮੰਡਲੀ ਵੱਲੋਂ ਨਾਟਕ 'ਬਸੰਤੀ ਚੋਲਾ' ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਟੀਮ ਵੱਲੋਂ ਭੰਗੜੇ ਦੀ ਪੇਸ਼ਕਾਰੀ ਵੀ ਪ੍ਰਭਾਵਸ਼ਾਲੀ ਰਹੀ। ਰੰਧਾਵਾ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ ਭੇਟ ਕਰਨ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਸ. ਕਿਸ਼ਨ ਸਿੰਘ ਦੇ ਸਮਾਰਕ 'ਤੇ ਵੀ ਸ਼ਰਧਾ ਸੁਮਨ ਭੇਟ ਕੀਤੇ ਗਏ ਅਤੇ ਮਿਊਜ਼ੀਅਮ ਕੰਪਲੈਕਸ 'ਚ ਪੌਦੇ ਲਾਉਣ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਲਾਏ ਮੈਡੀਕਲ ਕੈਂਪ ਦੀ ਸ਼ੁਰੂਆਤ ਵੀ ਕੀਤੀ ਗਈ।

ਇਸ ਮੌਕੇ ਵਿਧਾਇਕ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ, ਡਿਪਟੀ ਕਮਿਸ਼ਨਰ ਵਿਨੇ ਬਬਲਾਨੀ, ਐੱਸ. ਐੱਸ. ਪੀ. ਅਲਕਾ ਮੀਨਾ, ਏ. ਡੀ. ਸੀ. (ਜ) ਅਦਿਤਿਆ ਉੱਪਲ, ਐੱਸ. ਡੀ. ਐੱਮ. ਜਸਬੀਰ ਸਿੰਘ, ਸਾਬਕਾ ਵਿਧਾਇਕ ਨਵਾਂਸ਼ਹਿਰ ਗੁਰਇਕਬਾਲ ਕੌਰ, ਕਾਂਗਰਸ ਦੇ ਜ਼ਿਲਾ ਪ੍ਰਧਾਨ ਪ੍ਰੇਮ ਚੰਦ ਭੀਮਾ, ਸਾਬਕਾ ਜ਼ਿਲਾ ਪ੍ਰਧਾਨ ਸਤਿਬੀਰ ਸਿੰਘ ਪੱਲੀ ਝਿੱਕੀ ਅਤੇ ਹੋਰ ਸੀਨੀਅਰ ਆਗੂ ਸਮੇਤ ਜ਼ਿਲੇ ਦੇ ਅਧਿਕਾਰੀ ਵੀ ਮੌਜੂਦ ਸਨ।


author

shivani attri

Content Editor

Related News