ਮੁੱਦਕੀ ਨਗਰ ਕੌਂਸਲ ਚੋਣਾਂ ਮੁਲਤਵੀ ਕਰਨ ਦੀ ਮੰਗ, ਭਾਜਪਾ ਨੇ ਚੋਣ ਕਮਿਸ਼ਨ ਤੇ DGP ਨੂੰ ਦਿੱਤੀ ਸ਼ਿਕਾਇਤ
Sunday, May 17, 2026 - 09:25 PM (IST)
ਚੰਡੀਗੜ੍ਹ (ਅੰਕੁਰ) : ਪੰਜਾਬ ਭਾਜਪਾ ਨੇ ਨਗਰ ਕੌਂਸਲ ਮੁੱਦਕੀ ਦੀਆਂ ਚੋਣਾਂ ਨੂੰ ਤੁਰੰਤ ਮੁਲਤਵੀ ਕਰਨ ਦੀ ਮੰਗ ਕਰਦਿਆਂ ਰਾਜ ਚੋਣ ਕਮਿਸ਼ਨ ਤੇ ਡੀ.ਜੀ.ਪੀ. ਨੂੰ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ’ਚ ਚੱਲ ਰਹੀ ਚੋਣ ਪ੍ਰਕਿਰਿਆ ਦੌਰਾਨ ਵੱਡੇ ਪੱਧਰ ‘ਤੇ ਹਿੰਸਾ, ਡਰਾਉਣ-ਧਮਕਾਉਣ, ਨਾਮਜ਼ਦਗੀ ਪੱਤਰ ਦਾਖ਼ਲ ਕਰਨ ’ਚ ਰੁਕਾਵਟ ਪੈਦਾ ਕਰਨ ਅਤੇ ਪੁਲਸ ਮਸ਼ੀਨਰੀ ਦੀ ਪੱਖਪਾਤੀ ਦੁਰਵਰਤੋਂ ਦੇ ਦੋਸ਼ ਲਾਏ ਗਏ ਹਨ।
ਪੰਜਾਬ ਭਾਜਪਾ ਦੇ ਦਫ਼ਤਰ ਸਕੱਤਰ ਸੁਨੀਲ ਦੱਤ ਭਾਰਦਵਾਜ ਵੱਲੋਂ ਦਿੱਤੀ ਗਈ ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਭਾਜਪਾ ਉਮੀਦਵਾਰਾਂ ਸਮੇਤ ਵਿਰੋਧੀ ਧਿਰ ਦੇ ਉਮੀਦਵਾਰਾਂ ਨੂੰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਕਥਿਤ ਸਮਰਥਕ ਅਸਮਾਜਿਕ ਤੱਤਾਂ ਵੱਲੋਂ ਧਮਕਾਇਆ ਗਿਆ, ਉਨ੍ਹਾਂ ’ਤੇ ਹਮਲੇ ਕੀਤੇ ਗਏ ਅਤੇ ਗ਼ੈਰਕਾਨੂੰਨੀ ਤਰੀਕੇ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਗਿਆ। 16 ਮਈ ਨੂੰ ਗੁਰਪ੍ਰੀਤ ਸਿੰਘ ਸੇਖੋਂ ਦੀ ਅਗਵਾਈ ਹੇਠ ਹਥਿਆਰਬੰਦ ਸਮਰਥਕਾਂ ਨੇ ਕਥਿਤ ਤੌਰ ’ਤੇ ਮੁੱਦਕੀ ਨਾਮਜ਼ਦਗੀ ਕੇਂਦਰ ਦੇ ਆਲੇ-ਦੁਆਲੇ ਦਹਿਸ਼ਤ ਦਾ ਮਾਹੌਲ ਬਣਾਇਆ, ਜਿਸ ਕਾਰਨ ਕਈ ਉਮੀਦਵਾਰ ਅਤੇ ਸਮਰਥਕ ਜ਼ਖ਼ਮੀ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਸਥਾਨਕ ਪੁਲਸ ਅਧਿਕਾਰੀ ਮੂਕ ਦਰਸ਼ਕ ਬਣੇ ਰਹੇ ਅਤੇ ਆਜ਼ਾਦ ਤੇ ਨਿਰਪੱਖ ਨਾਮਜ਼ਦਗੀ ਪ੍ਰਕਿਰਿਆ ਯਕੀਨੀ ਬਣਾਉਣ ’ਚ ਅਸਫਲ ਰਹੇ।
ਸ਼ਿਕਾਇਤ ’ਚ ਇਹ ਵੀ ਦਰਜ ਕੀਤਾ ਗਿਆ ਕਿ ਜਨਤਕ ਵਿਰੋਧ ਤੋਂ ਬਾਅਦ ਹੀ 17 ਮਈ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ, ਜਿਸ ’ਚ ਨਾਮਜ਼ਦਗੀ ਕੇਂਦਰ ਨੇੜੇ ਹਿੰਸਾ ਅਤੇ ਰੁਕਾਵਟ ਪੈਦਾ ਕਰਨ ਦੇ ਮਾਮਲੇ ’ਚ ਲਗਭਗ 300 ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਭਾਜਪਾ ਨੇ ਸਬੰਧਤ ਐੱਸ.ਐੱਚ.ਓ., ਡੀ.ਐੱਸ.ਪੀ. ਅਤੇ ਐੱਸ.ਐੱਸ.ਪੀ. ਨੂੰ ਤੁਰੰਤ ਹਟਾਉਣ ਤੇ ਤਬਾਦਲਾ ਕਰਨ ਦੇ ਨਾਲ-ਨਾਲ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਪਾਰਟੀ ਨੇ ਉਮੀਦਵਾਰਾਂ ਲਈ ਯੋਗ ਸੁਰੱਖਿਆ, ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਾਲ ਹੀ ਜਿਨ੍ਹਾਂ ਉਮੀਦਵਾਰਾਂ ਨੂੰ ਕਥਿਤ ਤੌਰ ’ਤੇ ਨਾਮਜ਼ਦਗੀ ਦਾਖ਼ਲ ਕਰਨ ਤੋਂ ਰੋਕਿਆ ਗਿਆ, ਉਨ੍ਹਾਂ ਨੂੰ ਮੁੜ ਮੌਕਾ ਦੇਣ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਡਰ, ਧਮਕੀ ਅਤੇ ਹਿੰਸਾ ਦੇ ਮਾਹੌਲ ’ਚ ਲੋਕਤੰਤਰ ਕੰਮ ਨਹੀਂ ਕਰ ਸਕਦਾ ਅਤੇ ਚੋਣ ਪ੍ਰਕਿਰਿਆ ਦੀ ਪਵਿੱਤਰਤਾ ਨੂੰ ਹਰ ਹਾਲ ’ਚ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਮੁੱਦਕੀ ’ਚ ਆਜ਼ਾਦ ਅਤੇ ਨਿਰਪੱਖ ਚੋਣਾਂ ਲਈ ਅਨੁਕੂਲ ਹਾਲਾਤ ਬਹਾਲ ਹੋਣ ਤੱਕ ਚੋਣਾਂ ਮੁਲਤਵੀ ਕੀਤੀਆਂ ਜਾਣ।
