ਪਿੰਡ ਪਤਿਆਲ ਦੇ ਗੁਰਿੰਦਰ ਵੀਰ ਸਿੰਘ ਨੇ ਫਿਰ ਰਚਿਆ ਇਤਿਹਾਸ, ਤੋੜਿਆ ਕੌਮੀ ਰਿਕਾਰਡ
Saturday, May 23, 2026 - 01:19 PM (IST)
ਟਾਂਡਾ ਉੜਮੜ (ਵਰਿੰਦਰ ਪੰਡਤ)- ਭਾਰਤੀ ਐਥਲੈਟਿਕਸ ਵਿਚ ਬਣਿਆ ਇਤਿਹਾਸ, ਕੁਝ ਮਿੰਟਾਂ ਵਿਚ ਦੋ ਵਾਰ ਟੁੱਟਿਆ 100 ਮੀਟਰ ਦਾ ਰਾਸ਼ਟਰੀ ਰਿਕਾਰਡ, ਰਾਂਚੀ ਵਿਚ ਹੋ ਰਹੇ ਫੈਡਰੇਸ਼ਨ ਕੱਪ 2026 ਦੌਰਾਨ ਭਾਰਤੀ ਐਥਲੈਟਿਕਸ ਨੇ ਇਕ ਐਸਾ ਰੋਮਾਂਚਕ ਪਲ ਵੇਖਿਆ, ਜਿਸ ਨੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ। ਪੁਰਸ਼ਾਂ ਦੀ 100 ਮੀਟਰ ਦੌੜ ਵਿਚ ਕੁਝ ਹੀ ਮਿੰਟਾਂ ਦੇ ਅੰਤਰਾਲ ਵਿਚ ਦੋ ਵਾਰ ਨਵਾਂ ਰਾਸ਼ਟਰੀ ਰਿਕਾਰਡ ਬਣਿਆ।
ਸਭ ਤੋਂ ਪਹਿਲਾਂ ਪੰਜਾਬ ਦੇ ਟਾਂਡਾ ਉੜਮੜ ਨਜ਼ਦੀਕੀ ਪਿੰਡ ਪਤਿਆਲ ਦੇ ਧਾਵਕ ਗੁਰਿੰਦਰਵੀਰ ਸਿੰਘ ਨੇ ਸੈਮੀਫਾਈਨਲ ਦੌੜ ਵਿੱਚ 10.17 ਸਕਿੰਟ ਦਾ ਸ਼ਾਨਦਾਰ ਸਮਾਂ ਕੱਢ ਕੇ ਭਾਰਤ ਦਾ ਨਵਾਂ ਰਾਸ਼ਟਰੀ ਰਿਕਾਰਡ ਆਪਣੇ ਨਾਮ ਕੀਤਾ। ਇਸ ਤੋਂ ਪਹਿਲਾਂ ਰਾਸ਼ਟਰੀ ਰਿਕਾਰਡ 10.18 ਸਕਿੰਟ ਦਾ ਸੀ। ਗੁਰਿੰਦਰਵੀਰ ਦੀ ਇਸ ਉਪਲਬਧੀ ਨਾਲ ਸਟੇਡੀਅਮ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹ ਕੁਝ ਸਮੇਂ ਲਈ ਭਾਰਤ ਦੇ ਸਭ ਤੋਂ ਤੇਜ਼ ਧਾਵਕ ਬਣ ਗਏ।
ਪਰ ਇਹ ਰਿਕਾਰਡ ਜ਼ਿਆਦਾ ਦੇਰ ਤੱਕ ਕਾਇਮ ਨਾ ਰਹਿ ਸਕਿਆ। ਅਗਲੀ ਹੀ ਦੌੜ ਵਿੱਚ ਓਡੀਸ਼ਾ ਦੇ ਤੇਜ਼ ਧਾਵਕ ਅਨਿਮੇਸ਼ ਕੁਜੂਰ ਨੇ 10.15 ਸਕਿੰਟ ਦਾ ਧਮਾਕੇਦਾਰ ਸਮਾਂ ਕੱਢ ਕੇ ਗੁਰਿੰਦਰਵੀਰ ਦਾ ਰਿਕਾਰਡ ਤੋੜ ਦਿੱਤਾ ਅਤੇ ਭਾਰਤ ਦੇ ਨਵੇਂ ਸਭ ਤੋਂ ਤੇਜ਼ ਮਨੁੱਖ ਬਣ ਗਏ। ਅਨੀਮੇਸ਼ ਨੇ ਇਸ ਪ੍ਰਦਰਸ਼ਨ ਨਾਲ ਕਾਮਨਵੈਲਥ ਖੇਡਾਂ ਲਈ ਕਵਾਲੀਫਿਕੇਸ਼ਨ ਮਿਆਰ ਵੀ ਹਾਸਲ ਕਰ ਲਿਆ।
ਇਕ ਹੀ ਰਾਤ ਵਿੱਚ ਦੋ ਭਾਰਤੀ ਧਾਵਕਾਂ ਵੱਲੋਂ ਰਾਸ਼ਟਰੀ ਰਿਕਾਰਡ ਤੋੜੇ ਜਾਣ ਨੂੰ ਭਾਰਤੀ ਐਥਲੈਟਿਕਸ ਲਈ ਇਤਿਹਾਸਕ ਪਲ ਮੰਨਿਆ ਜਾ ਰਿਹਾ ਹੈ। ਖੇਡ ਵਿਸ਼ੇਸ਼ਗਿਆਨਾਂ ਦੇ ਅਨੁਸਾਰ ਇਹ ਨਤੀਜੇ ਦਰਸਾਉਂਦੇ ਹਨ ਕਿ ਭਾਰਤੀ ਸਪ੍ਰਿੰਟਿੰਗ ਹੁਣ ਵਿਸ਼ਵ ਪੱਧਰ ‘ਤੇ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਖੇਡ ਪ੍ਰੇਮੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਦੋਵੇਂ ਖਿਡਾਰੀਆਂ ਦੀ ਜ਼ਬਰਦਸਤ ਸਰਾਹਨਾ ਕੀਤੀ ਜਾ ਰਹੀ ਹੈ ਅਤੇ ਇਸ ਪ੍ਰਦਰਸ਼ਨ ਨੂੰ ਭਾਰਤੀ ਐਥਲੈਟਿਕਸ ਦਾ ਨਵਾਂ ਸੁਨਹਿਰੀ ਦੌਰ ਕਿਹਾ ਜਾ ਰਿਹਾ ਹੈ। ਟਾਂਡਾ ਯੂਨਾਈਟਡ ਸਪੋਰਟਸ ਕਲੱਬ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਰਜੇਸ਼ ਲਾਡੀ, ਰਕੇਸ਼ ਬਿੱਟੂ, ਕੋਚ ਕੁਲਵੰਤ ਸਿੰਘ, ਸੁਖਵਿੰਦਰ ਸਿੰਘ ਇੰਸਪੈਕਟਰ, ਓੰਕਾਰ ਸਿੰਘ ਧੁੱਗਾ ਦੀਪਕ ਸੋਧੀ ਨਵਜੋਤ ਸਿੰਘ ਪ੍ਰਦੀਪ ਵਿਰਲੀ ਸਤਬੀਰ ਸਿੰਘ ਤੇ ਹੋਰਨਾਂ ਖੇਡ ਪ੍ਰੇਮੀਆਂ ਨੇ ਗੁਰਿੰਦਰ ਵੀਰ ਸਿੰਘ ਤੇ ਉਸਦੇ ਪਿਤਾ ਸੇਵਾ ਮੁਕਤ ਥਾਣੇਦਾਰ ਕਮਲਜੀਤ ਸਿੰਘ ਨੂੰ ਸ਼ੁਭਕਾਮਨਾ ਦਿੱਤੀਆਂ ਹਨ l
