ਗੁਟਕਾ ਸਾਹਿਬ ਬੇਅਦਬੀ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ

Thursday, May 14, 2026 - 05:15 PM (IST)

ਗੁਟਕਾ ਸਾਹਿਬ ਬੇਅਦਬੀ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ

ਮਲੋਟ (ਗੋਇਲ) : ਮਲੋਟ ਦੀ ਇੰਦਰਾ ਬਸਤੀ ’ਚ ਬੀਤੇ ਦਿਨੀਂ ਸ੍ਰੀ ਸੁਖਮਨੀ ਸਾਹਿਬ ਦੇ ਗੁਟਕਾ ਸਾਹਿਬ ਦੇ ਅੰਗ ਗਲੀਆਂ ’ਚ ਖਿਲਰੇ ਮਿਲਣ ਦੀ ਘਟਨਾ ਸਬੰਧੀ 13 ਦਿਨ ਬੀਤ ਜਾਣ ਦੇ ਬਾਵਜੂਦ ਵੀ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ’ਤੇ ਮਲੋਟ ਦੀਆਂ ਵੱਖ-ਵੱਖ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਸ਼ਹਿਰ ’ਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ। ਜਥੇਬੰਦੀਆਂ ਨੇ ਮਾਮਲੇ ਦੀ ਜਲਦ ਜਾਂਚ ਕਰ ਕੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ। ਗੁਰਦੁਆਰਾ ਭਾਈ ਜਗਤਾ ਜੀ ਵਿਖੇ ਪਹਿਲਾਂ ਕੀਤੇ ਗਏ ਐਲਾਨ ਮੁਤਾਬਕ ਰੋਸ ਮਾਰਚ ਜੀ. ਟੀ. ਰੋਡ, ਮੇਨ ਬਾਜ਼ਾਰ ਅਤੇ ਸੁਪਰ ਬਾਜ਼ਾਰ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸਮਾਪਤ ਹੋਇਆ। ਮਾਰਚ ਦੌਰਾਨ ਸੰਗਤਾਂ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਖ਼ਿਲਾਫ ਨਾਅਰੇਬਾਜ਼ੀ ਕਰਦਿਆਂ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦੀ ਮੰਗ ਕੀਤੀ ਗਈ।

ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਘਟਨਾ ਦੇ ਸਬੰਧ ’ਚ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਮਾਮਲੇ ਨੂੰ ਸੁਲਝਾਉਣ ’ਚ ਕੋਈ ਠੋਸ ਪ੍ਰਗਤੀ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਭਾਈ ਜਗਤਾ ਜੀ ਵਿਖੇ ਸਿੱਖ ਜਥੇਬੰਦੀਆਂ ਅਤੇ ਪੁਲਸ ਅਧਿਕਾਰੀਆਂ ਵਿਚਾਲੇ ਹੋਈ ਮੀਟਿੰਗ ਦੌਰਾਨ ਪੁਲਸ ਵੱਲੋਂ ਜਾਂਚ ਲਈ ਸਮਾਂ ਮੰਗਿਆ ਗਿਆ ਸੀ, ਜਿਸ ਲਈ ਜਥੇਬੰਦੀਆਂ ਨੇ ਸਹਿਮਤੀ ਵੀ ਦਿੱਤੀ ਸੀ ਪਰ ਅਜੇ ਤੱਕ ਮੁਲਜ਼ਮਾਂ ਦੀ ਪਛਾਣ ਨਹੀਂ ਹੋ ਸਕੀ।

ਰੋਸ ਮਾਰਚ ਦੌਰਾਨ ਭਾਈ ਚਰਨਜੀਤ ਸਿੰਘ ਖਾਲਸਾ, ਸੁਖਦੇਵ ਸਿੰਘ ਗੁਰਦੁਆਰਾ ਬਾਬਾ ਤਾਰਾ ਸਿੰਘ ਜੀ ਖੁਸ਼ਦਿਲ, ਭਾਈ ਮੋਹਨ ਸਿੰਘ, ਭਾਈ ਬਿਕਰਮਜੀਤ ਸਿੰਘ ਸੰਮੇ ਵਾਲੀ, ਬਲਦੇਵ ਸਿੰਘ, ਮਾਸਟਰ ਹਰਦੀਪ ਸਿੰਘ ਗੁਰਦੁਆਰਾ ਭਾਈ ਜਗਤਾ ਜੀ, ਜਸਦੇਵ ਸਿੰਘ ਸੰਧੂ ਅਤੇ ਬਾਬਾ ਸਰਬਜੀਤ ਸਿੰਘ ਛਾਪਿਆਂਵਾਲੀ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ। ਉਧਰ, ਡੀ. ਐੱਸ. ਪੀ. ਮਲੋਟ ਵੱਲੋਂ ਸਿੱਖ ਜਥੇਬੰਦੀਆਂ ਦੇ ਵਫ਼ਦ ਨਾਲ ਗੱਲਬਾਤ ਕਰਦਿਆਂ ਭਰੋਸਾ ਦਿੱਤਾ ਗਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ ਗੰਭੀਰਤਾ ਨਾਲ ਕਰ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।


author

Gurminder Singh

Content Editor

Related News