ਪੰਜਾਬ: ਸਿਰਫ਼ਿਰੇ ਆਸ਼ਿਕ ਦਾ ਕਾਰਾ, ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ''ਤੇ...
Saturday, May 16, 2026 - 01:17 PM (IST)
ਲੁਧਿਆਣਾ (ਰਾਜ): ਵਿਆਹ ਦੀ ਪੇਸ਼ਕਸ਼ ਠੁਕਰਾਉਣ ਤੋਂ ਬੌਖਲਾਏ ਇਕ ਸਿਰਫਿਰੇ ਆਸ਼ਿਕ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਕ 29 ਸਾਲਾ ਮੁਟਿਆਰ ਨੂੰ ਗੰਨ ਪੁਆਇੰਟ 'ਤੇ ਅਗਵਾ ਕਰ ਲਿਆ। ਮੁਲਜ਼ਮ ਮੁਟਿਆਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਅਗਵਾ ਕਰਕੇ ਆਪਣੇ ਨਾਲ ਲੈ ਗਏ ਹਨ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਸ ਨੇ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਵੱਡੀ ਭੈਣ ਬੀਤੀ 13 ਮਈ ਦੀ ਰਾਤ ਕਰੀਬ 8:30 ਵਜੇ ਆਪਣੀ ਕਾਰ 'ਤੇ ਸਵਾਰ ਹੋ ਕੇ ਬਾਜ਼ਾਰ ਤੋਂ ਘਰ ਦਾ ਰਾਸ਼ਨ ਅਤੇ ਹੋਰ ਸਾਮਾਨ ਲੈਣ ਗਈ ਸੀ। ਜਦੋਂ ਕਾਫ਼ੀ ਦੇਰ ਹੋਣ ਤੋਂ ਬਾਅਦ ਵੀ ਉਹ ਵਾਪਸ ਘਰ ਨਹੀਂ ਪਰਤੀ, ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਛਾਣਬੀਣ ਦੌਰਾਨ ਉਨ੍ਹਾਂ ਨੂੰ ਪੁਖਤਾ ਤੌਰ 'ਤੇ ਪਤਾ ਲੱਗਿਆ ਕਿ ਉਸ ਦੀ ਭੈਣ ਦੀ ਦੋਸਤੀ ਸੁਖਵਿੰਦਰ ਸਿੰਘ ਨਾਂ ਦੇ ਨੌਜਵਾਨ ਨਾਲ ਸੀ। ਸੁਖਵਿੰਦਰ ਉਸ ਦੀ ਭੈਣ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਉਸ ਨੇ ਇਸ ਵਿਆਹ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸੇ ਰੰਜਿਸ਼ ਅਤੇ ਜ਼ਿੱਦ ਦੇ ਚਲਦਿਆਂ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ 13 ਮਈ ਦੀ ਰਾਤ ਨੂੰ ਹੀ ਬਾਜ਼ਾਰ ਗਈ ਕੁੜੀ ਨੂੰ ਰਸਤੇ ਵਿਚ ਘੇਰ ਲਿਆ ਅਤੇ ਪਿਸਤੌਲ ਦੀ ਨੋਕ 'ਤੇ, ਜਾਨੋਂ ਮਾਰਨ ਦੀ ਨੀਅਤ ਨਾਲ ਉਸ ਨੂੰ ਅਤੇ ਉਸ ਦੀ ਕਾਰ ਨੂੰ ਅਗਵਾ ਕਰਕੇ ਫਰਾਰ ਹੋ ਗਏ।
ਥਾਣਾ ਜਮਾਲਪੁਰ ਦੀ ਪੁਲਸ ਨੇ ਪੀੜਤ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਪ੍ਰੀਤਮ ਸਿੰਘ, ਕਰਮਜੀਤ ਸਿੰਘ ਪੁੱਤਰ ਬਲਵੀਰ ਸਿੰਘ (ਦੋਵੇਂ ਵਾਸੀ: ਪਿੰਡ ਭਲੂਰ, ਜ਼ਿਲ੍ਹਾ ਮੋਗਾ) ਅਤੇ ਉਨ੍ਹਾਂ ਦੇ ਕੁਝ ਅਣਪਛਾਤੇ ਸਾਥੀਆਂ ਖਿਲਾਫ ਅਗਵਾ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਟਿਆਰ ਦੀ ਬਰਾਮਦਗੀ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
