ਸੁਖਜਿੰਦਰ ਰੰਧਾਵਾ ਨੇ ਪਾਰਲੀਮੈਂਟ ''ਚ ਕਿਸਾਨਾਂ ਨੂੰ ਲੈ ਕੇ ਲਿਆਂਦਾ ਮਤਾ
Tuesday, Dec 17, 2024 - 06:14 PM (IST)

ਪਠਾਨਕੋਟ : ਸੁਖਜਿੰਦਰ ਸਿੰਘ ਰੰਧਾਵਾ ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਗੁਰਦਾਸਪੁਰ ਨੇ ਅੱਜ ਲੋਕ ਸਭਾ ਵਿਚ ਕਿਸਾਨਾਂ ਦੇ ਮੁੱਦੇ 'ਤੇ ਧਿਆਨ ਦਵਾਊ ਮਤਾ ਪੇਸ਼ ਕੀਤਾ। ਉਨ੍ਹਾਂ ਲੋਕ ਸਭਾ ਸਪੀਕਰ ਨੂੰ ਲਿਖੇ ਪ੍ਰਸਤਾਅ ਵਿਚ ਕਿਹਾ ਕਿ 70 ਸਾਲਾ ਬਜ਼ੁਰਗ ਜਗਜੀਤ ਸਿੰਘ ਡੱਲੇਵਾਲ ਜੋ ਕਿ ਖੁਦ ਕੈਂਸਰ ਦਾ ਮਰੀਜ਼ ਹੈ, 26 ਨਵੰਬਰ ਤੋਂ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੱਦ ’ਤੇ ਮਰਨ ਵਰਤ ’ਤੇ ਹੈ। ਉਨ੍ਹਾਂ ਦੀ ਮੁੱਖ ਮੰਗ ਕੇਂਦਰ ਸਰਕਾਰ ਤੋਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਮੁਹੱਈਆ ਕਰਵਾਉਣਾ ਹੈ।
ਰੰਧਾਵਾ ਨੇ ਲੋਕ ਸਭਾ ਸਪੀਕਰ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਦਾ ਇਕ ਵੱਡਾ ਵਫ਼ਦ ਜਿਸ ਵਿਚ ਕੇਂਦਰੀ ਮੰਤਰੀ ਵੀ ਮੌਜੂਦ ਹਨ, ਇਕ ਵਾਰ ਡੱਲੇਵਾਲ ਨੂੰ ਮਿਲਣ ਅਤੇ ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਕਰਕੇ ਕੋਈ ਸਾਕਾਰਾਤਮਕ ਹੱਲ ਕੱਢਿਆ ਜਾਵੇ। ਇਹ ਵੱਡੀ ਬਦਕਿਸਮਤੀ ਹੋਵੇਗੀ ਕਿ ਅੰਨਦਾਤਾ ਕਹਾਉਣ ਵਾਲੇ ਕਿਸਾਨ ਨੂੰ ਮਰਨ ਵਰਤ ’ਤੇ ਬੈਠਣਾ ਪਿਆ ਹੈ। ਮੈਂ ਬੇਨਤੀ ਕਰਦਾ ਹਾਂ ਕਿ ਸਰਕਾਰ ਗੱਲਬਾਤ ਲਈ ਪਹਿਲ ਕਰੇ।