ਸਰਬਜੀਤ ਕੌਰ ਮਾਮਲੇ ''ਚ ਵੱਡੀ ਅਪਡੇਟ ! ਭਾਰਤੀ ਪਤੀ ਨੇ ਪਾਕਿ ''ਚ ਹੋਏ ਵਿਆਹ ਨੂੰ ਲਾਹੌਰ ਅਦਾਲਤ ''ਚ ਦਿੱਤੀ ਚੁਣੌਤੀ
Thursday, Feb 26, 2026 - 01:26 PM (IST)
ਗੁਰਦਾਸਪੁਰ/ਲਾਹੌਰ (ਵਿਨੋਦ) : ਪਾਕਿਸਤਾਨ ਵਿੱਚ ਆਪਣੇ ਮੁਸਲਿਮ ਪ੍ਰੇਮੀ ਨਾਲ ਰਹਿ ਰਹੀ ਭਾਰਤੀ ਮਹਿਲਾ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨਲ ਸਿੰਘ ਨੇ ਲਾਹੌਰ ਦੀ ਉੱਚ ਅਦਾਲਤ (ਹਾਈ ਕੋਰਟ) ਵਿੱਚ ਇੱਕ ਪਟੀਸ਼ਨ ਦਾਇਰ ਕਰਕੇ ਆਪਣੀ ਪਤਨੀ ਦੇ ਦੂਜੇ ਵਿਆਹ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਕਰਨਲ ਸਿੰਘ ਦਾ ਦੋਸ਼ ਹੈ ਕਿ ਸਰਬਜੀਤ ਕੌਰ ਨੇ ਉਸ ਨੂੰ ਬਿਨਾਂ ਦੱਸੇ ਪਾਕਿਸਤਾਨ ਜਾ ਕੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ, ਜੋ ਕਿ ਕਾਨੂੰਨੀ ਅਤੇ ਨੈਤਿਕ ਤੌਰ 'ਤੇ ਗ਼ਲਤ ਹੈ।
ਕਰਨਲ ਸਿੰਘ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਅਦਾਲਤ ਵਿੱਚ ਦੱਸਿਆ ਕਿ ਸਰਬਜੀਤ ਕੌਰ ਨੇ ਭਾਰਤ ਵਿੱਚ ਰਹਿੰਦੇ ਆਪਣੇ ਪਤੀ ਤੋਂ ਤਲਾਕ ਲਏ ਬਿਨਾਂ ਹੀ ਇਸਲਾਮ ਧਰਮ ਅਪਣਾ ਕੇ ਦੂਜਾ ਵਿਆਹ ਕੀਤਾ ਹੈ। ਪਾਕਿਸਤਾਨੀ ਕਾਨੂੰਨ ਅਤੇ ਸ਼ਰੀਅਤ ਮੁਤਾਬਕ, ਇੱਕ ਵਿਆਹੁਤਾ ਗੈਰ-ਮੁਸਲਿਮ ਔਰਤ ਨੂੰ ਕਿਸੇ ਮੁਸਲਿਮ ਮਰਦ ਨਾਲ ਵਿਆਹ ਕਰਨ ਤੋਂ ਪਹਿਲਾਂ ਆਪਣੇ ਦੇਸ਼ ਦੀ ਅਦਾਲਤ ਤੋਂ ਤਲਾਕ ਲੈਣਾ ਜ਼ਰੂਰੀ ਹੁੰਦਾ ਹੈ। ਵਕੀਲ ਨੇ ਦਾਅਵਾ ਕੀਤਾ ਕਿ ਅਜਿਹੀ ਸਥਿਤੀ ਵਿੱਚ ਦੂਜਾ ਵਿਆਹ ਗੈਰ-ਕਾਨੂੰਨੀ ਹੈ ਅਤੇ ਨਾਸਿਰ ਹੁਸੈਨ ਵਿਰੁੱਧ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- PM ਮਾਰਕ ਕਾਰਨੀ ਦੇ ਦੌਰੇ ਤੋਂ ਪਹਿਲਾਂ ਕੈਨੇਡਾ ਸਰਕਾਰ ਦੇ ਬਦਲੇ ਸੁਰ ! ਭਾਰਤ ਨੂੰ ਦੇ'ਤੀ 'ਕਲੀਨ ਚਿੱਟ'
ਕਰਨਲ ਸਿੰਘ ਨੇ ਮੰਗ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਤੁਰੰਤ ਭਾਰਤ ਵਾਪਸ ਭੇਜਿਆ ਜਾਵੇ ਅਤੇ ਨਾਸਿਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਅਰਜ਼ੀ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਨਿੱਜੀ ਫੋਟੋਆਂ ਤੇ ਵੀਡੀਓਜ਼ ਦੀ ਦੁਰਵਰਤੋਂ ਦੇ ਦੋਸ਼ ਵੀ ਲਗਾਏ ਗਏ ਹਨ। ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਫੈਸਲਾ ਆਉਣ ਤੱਕ ਸਰਬਜੀਤ ਨੂੰ ਮਹਿਲਾ ਆਸਰਾ ਘਰ ਵਿੱਚ ਰੱਖਿਆ ਜਾਵੇ।
ਜ਼ਿਕਰਯੋਗ ਹੈ ਕਿ ਸਰਬਜੀਤ ਕੌਰ 4 ਨਵੰਬਰ 2025 ਨੂੰ ਸਿੱਖ ਸ਼ਰਧਾਲੂਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ, ਪਰ ਨਿਰਧਾਰਿਤ ਸਮੇਂ ’ਤੇ ਵਾਪਸ ਨਹੀਂ ਆਈ। ਉਸ ਨੇ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ। ਪਾਕਿਸਤਾਨੀ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਅਨੁਸਾਰ, ਖ਼ੁਫੀਆ ਏਜੰਸੀਆਂ ਨੇ 4 ਜਨਵਰੀ ਨੂੰ ਉਨ੍ਹਾਂ ਦੀ ਮੌਜੂਦਗੀ ਦਾ ਪਤਾ ਲਗਾਇਆ ਸੀ। ਹੁਣ ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
