ਢੀਂਡਸਿਆਂ ਦੀ ਰੈਲੀ ਹੋਵੇਗੀ ਭਵਿੱਖ ਲਈ ਫੈਸਲਾਕੁੰਨ!

02/18/2020 5:14:28 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਪਿਤਾ-ਪੁੱਤ ਢੀਂਡਸਾ ਪਰਿਵਾਰ ਵੱਲੋਂ ਆਪਣੇ ਜੱਦੀ ਹਲਕੇ ਸੰਗਰੂਰ 'ਚ 23 ਫਰਵਰੀ ਦੀ ਰੈਲੀ ਪੰਜਾਬ ਦੇ ਭਵਿੱਖ ਲਈ ਫੈਸਲਾਕੁੰਨ ਹੋਵੇਗੀ, ਕਿਉਂਕਿ ਜਿਸ ਤਰ੍ਹਾਂ ਦੇ ਪੰਜਾਬ ਦੇ ਰਾਜਨੀਤਕ ਹਾਲਾਤ ਹਨ, ਉਨ੍ਹਾਂ ਨੂੰ ਦੇਖ ਕੇ ਪੰਜਾਬ ਵਿਚ ਬੈਠੀਆਂ 'ਆਪ' ਤੇ ਭਾਜਪਾ ਸਮੇਤ ਹੋਰਨਾਂ ਦੀਆਂ ਨਜ਼ਰਾਂ ਇਸ ਰੈਲੀ 'ਤੇ ਹੋਣਗੀਆਂ। ਇਸ ਰੈਲੀ ਨੂੰ ਢੀਂਡਸਾ ਪਰਿਵਾਰ ਆਪਣੀ ਇੱਜ਼ਤ ਦਾ ਸਵਾਲ ਬਣਾ ਕੇ ਕਰੋ ਜਾਂ ਮਰੋ ਤਹਿਤ ਰੈਲੀ ਲਈ ਲੱਗਿਆ ਹੋਇਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਜੋ ਢੀਂਡਸਿਆਂ ਦੇ ਗੜ੍ਹ 'ਚ ਜਾ ਰਾਜਸੀ ਲਲਕਾਰਾ ਮਾਰਿਆ ਹੈ, ਉਸ ਦਾ ਮੋੜਵਾਂ ਜਵਾਬ ਦੇਣ ਲਈ ਉਨ੍ਹਾਂ ਨੇ ਵੀ ਰੈਲੀ ਰੱਖੀ ਹੈ।

ਇਸ ਰੈਲੀ ਬਾਰੇ ਰਾਜਸੀ ਪੰਡਤਾਂ ਨੇ ਕਿਹਾ ਜੇਕਰ ਪਾਰਟੀ ਤੋਂ ਬਿਨਾ ਢੀਂਡਸਾ ਪਿਤਾ-ਪੁੱਤ ਵੱਡਾ ਇੱਕਠ ਕਰਨ 'ਚ ਸਫਲ ਹੋ ਗਏ ਤਾਂ ਜਿੱਥੇ ਉਨ੍ਹਾਂ ਦੀ ਹਲਕੇ ਵਿਚ ਤੂਤੀ ਬੋਲੇਗੀ, ਉਥੇ ਪੰਜਾਬ ਦੇ ਛੋਟੇ ਦਲ ਅਤੇ ਹੋਰ ਹਮਖਿਆਲੀ ਪਾਰਟੀਆਂ ਉਨ੍ਹਾਂ ਦੇ ਆਲੇ-ਦੁਆਲੇ ਆ ਸਕਦੀਆਂ ਹਨ। ਇਹ ਦੋਵੇਂ ਨੇਤਾ ਸੰਗਰੂਰ 'ਚ ਰੈਲੀ ਕਰਨ ਜਾ ਰਹੇ ਹਨ। ਰਾਜਸੀ ਖੇਤਰ 'ਚ ਇਨ੍ਹਾਂ ਨੂੰ ਆਪਣੇ ਵਿਰੋਧੀਆਂ ਖਿਲਾਫ ਨੰਗੇ ਧੜ ਲੜਨ ਦੇ ਬਰਾਬਰ ਦੇਖਿਆ ਜਾ ਰਿਹਾ ਹੈ। ਮਾਹਰਾਂ ਨੇ ਅੱਗੇ ਕਿਹਾ ਕਿ ਜੋ ਸ. ਢੀਂਡਸਾ ਪਿਛਲੇ ਦਿਨੀਂ 'ਆਪ' ਅਤੇ ਭਾਜਪਾ ਨਾਲ ਗੱਠਜੋੜ ਦਾ ਸੰਕੇਤ ਦੇ ਗਏ ਸਨ, ਉਹ ਵੀ ਖਾਸਕਰ ਸ਼੍ਰੋਮਣੀ ਅਕਾਲੀ ਦਲ 'ਚ ਖਲਬਲੀ ਮਚਾ ਗਿਆ, ਕਿਉਂਕਿ ਢੀਂਡਸਾ ਧੜਾ ਟਕਸਾਲੀਆਂ ਨਾਲ ਰਲ ਕੇ ਪੰਜਾਬ ਵਿਚ ਪੇਂਡੂ ਖੇਤਰ ਵਿਚ ਬੈਠੀ ਪੰਥਕ ਵੋਟ 'ਤੇ ਵੱਡੀ ਸੱਟ ਮਾਰ ਸਕਦਾ ਹੈ। ਇਸ ਲਈ ਸਾਰੇ ਹਲਕੇ ਦੀਆਂ ਅੱਖਾਂ ਤੇ ਕੰਨ 23 ਦੀ ਰੈਲੀ 'ਤੇ ਲੱਗੇ ਹੋਏ ਹਨ। ਜਿੱਥੇ ਢੀਂਡਸਾ, ਬ੍ਰਹਮਪੁਰਾ, ਵੀਰ ਦਵਿੰਦਰ, ਸੇਖਵਾਂ, ਰਾਮੂਵਾਲੀਆ ਅਤੇ ਹੋਰ ਵੱਡੇ ਨੇਤਾ ਗਰਜ਼ ਸਕਦੇ ਹਨ।


Anuradha

Content Editor

Related News