ਜਲੰਧਰ ਲੋਕ ਸਭਾ ਜ਼ਿਮਨੀ ਚੋਣ : ਸੁਖਬੀਰ ਬਾਦਲ ਦੇ ਸਾਹਮਣੇ ਭਾਜਪਾ ਤੋਂ ਅੱਗੇ ਨਿਕਲਣ ਦੀ ਚੁਣੌਤੀ
Wednesday, Apr 19, 2023 - 01:46 PM (IST)

ਲੁਧਿਆਣਾ (ਹਿਤੇਸ਼) : ਜਲੰਧਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਭਾਵੇਂ ਹੀ ਸਾਰੀਆਂ ਪਾਰਟੀਆਂ ਵੱਲੋਂ ਆਪਣੀ ਜਿੱਤ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸੁਖਬੀਰ ਬਾਦਲ ਦੇ ਸਾਹਮਣੇ ਮੁੱਖ ਤੌਰ 'ਤੇ ਭਾਜਪਾ ਤੋਂ ਅੱਗੇ ਨਿਕਲਣ ਦੀ ਚੁਣੌਤੀ ਹੈ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਅਕਾਲੀ ਦਲ ਵੱਲੋਂ ਭਾਜਪਾ ਤੋਂ ਵੱਖ ਹੋ ਕੇ ਵਿਧਾਨ ਸਭਾ ਚੋਣਾਂ ਲੜਨ ਤੋਂ ਬਾਅਦ ਪੰਜਾਬ 'ਚ ਦੂਜੀ ਲੋਕ ਸਭਾ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਜੇਕਰ ਸੰਗਰੂਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ 'ਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਟਿਕਟ ਦੇਣ ਦੇ ਬਾਵਜੂਦ ਅਕਾਲੀ ਦਲ ਪੰਜਵੇਂ ਨੰਬਰ 'ਤੇ ਆਇਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਿੱਜੀ ਸਕੂਲ ਹੁਣ ਨਹੀਂ ਕਰ ਸਕਣਗੇ ਮਨਮਾਨੀ, ਵਿਭਾਗ ਨੇ ਜਾਰੀ ਕਰ ਦਿੱਤੇ ਹੁਕਮ
ਇਨ੍ਹਾਂ ਚੋਣਾਂ 'ਚ ਅਕਾਲੀ ਦਲ ਦੀ ਤਰ੍ਹਾਂ ਹੀ ਪੰਥਕ ਏਜੰਡੇ 'ਤੇ ਚੋਣਾਂ ਲੜਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਹਾਸਲ ਹੋਈ ਸੀ ਅਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੋਂ ਬਾਅਦ ਭਾਜਪਾ ਚੌਥੇ ਨੰਬਰ 'ਤੇ ਆਈ ਸੀ। ਹੁਣ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਅਤੇ ਭਾਜਪਾ ਫਿਰ ਵੱਖ-ਵੱਖ ਤੌਰ 'ਤੇ ਲੜ ਰਹੇ ਹਨ। ਸੁਖਬੀਰ ਬਾਦਲੇ ਦਾ ਸਾਹਮਣੇ ਆਪਣੇ ਵਜੂਦ ਨੂੰ ਬਰਕਰਾਰ ਰੱਖਣ ਲਈ ਭਾਜਪਾ ਤੋਂ ਅੱਗੇ ਨਿਕਲਣ ਦੀ ਚੁਣੌਤੀ ਹੈ। ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਪਵਨ ਕੁਮਾਰ ਟੀਨੂੰ, ਸਰਵਣ ਸਿੰਘ ਫਿਲੌਰ, ਸਾਬਕਾ ਵਿਧਾਇਕ ਬਲਦੇਵ ਖਹਿਰਾ ਨੂੰ ਛੱਡ ਕੇ ਬਸਪਾ ਦੇ ਪਿਛੋਕੜ ਵਾਲੇ ਮੌਜੂਦਾ ਵਿਧਾਇਕ ਸੁਖਵਿੰਦਰ ਸੁੱਖੀ 'ਤੇ ਦਾਅ ਲਾਇਆ ਹੈ।
ਇਹ ਵੀ ਪੜ੍ਹੋ : ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਨੇ ਦਿੱਤਾ ਅਸਤੀਫ਼ਾ
ਇਸ ਦੇ ਮੁਕਾਬਲੇ ਭਾਜਪਾ ਵੱਲੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਇੰਦਰ ਇਕਬਾਲ ਅਟਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ ਅਤੇ ਭਾਜਪਾ ਦੀ ਲੀਡਰਸ਼ਿਪ ਦੀ ਤਰ੍ਹਾਂ ਅਕਾਲੀ ਦਲ ਦੇ ਕਈ ਪੁਰਾਣੇ ਨੇਤਾ ਪੂਰਾ ਜ਼ੋਰ ਲਾ ਰਹੇ ਹਨ। ਇਸ ਦੌਰ 'ਚ ਭਾਜਪਾ ਨੂੰ ਮਿਲ ਰਹੇ ਹਿੰਦੂ ਵਰਗ ਦੇ ਸਮਰਥਨ ਦੇ ਸਾਹਮਣੇ ਅਕਾਲੀ ਦਲ ਦੀ ਸਥਿਤੀ ਦਾ ਦਾਰੋਮਦਾਰ ਬਸਪਾ ਦੇ ਵੋਟ ਬੈਂਕ 'ਤੇ ਟਿਕਿਆ ਹੋਇਆ ਹੈ, ਜਿਸ ਦਾ ਜਲੰਧਰ ਖ਼ਾਸ ਕਰਕੇ ਦੋਆਬਾ 'ਚ ਕਾਫ਼ੀ ਆਧਾਰ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ