ਸੁਖਬੀਰ ਦੇ ਦਲਿਤ ਉਪ ਮੁੱਖ ਮੰਤਰੀ ਵਾਲੇ ਐਲਾਨ ਤੋਂ ਬਾਅਦ ਭਾਜਪਾ ਦਾ ਵੱਡਾ ਹਮਲਾ

Wednesday, Apr 14, 2021 - 06:22 PM (IST)

ਨਵੀਂ ਦਿੱਲੀ/ਜਲੰਧਰ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਡਾ. ਅੰਬੇਡਕਰ ਜਯੰਤੀ ਮੌਕੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਚਿਹਰੇ ਨੂੰ ਉਪ ਮੁੱਖ ਮੰਤਰੀ ਬਣਾਉਣ ਦੇ ਐਲਾਨ ਤੋਂ ਬਾਅਦ ਭਾਜਪਾ ਨੇ ਵੀ ਸ਼ਬਦੀ ਹਮਲਾ ਬੋਲਿਆ ਹੈ। ਭਾਜਪਾ ਦੇ ਉੱਘੇ ਆਗੂ ਆਰ. ਪੀ ਸਿੰਘ ਨੇ ਟਵਿੱਟਰ ’ਤੇ ਸੁਖਬੀਰ ਬਾਦਲ ਦੇ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਆਖਿਆ ਕਿ ਭਾਵੇਂ ਸੁਖਬੀਰ ਬਾਦਲ ਦਲਿਤ ਮੁੱਖ ਮੰਤਰੀ ਬਣਾਉਣ ਦੀ ਗੱਲ ਆਖ ਰਹੇ ਹਨ ਪਰ ਅਸਲ ਵਿਚ ਤੱਥ ਕੁੱਝ ਹੋਰ ਹੀ ਹਨ। ਇਸ ਦੀ ਉਦਾਹਰਣ 2007 ਅਤੇ 2012 ਤੋਂ ਮਿਲਦੀ ਹੈ। ਜਦੋਂ ਅਕਾਲੀ ਦਲ ਦੀ ਸਰਕਾਰ ਸਮੇਂ 2007 ਵਿਚ ਚੌਧਰੀ ਸਵਰਨਾ ਰਾਮ ਅਤੇ 2012 ਵਿਚ ਭਗਤ ਚੁੰਨੀ ਲਾਲ ਨੂੰ ਉਪ ਮੁੱਖ ਮੰਤਰੀ ਬਨਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦਾ ਇਕ ਹੋਰ ਵੱਡਾ ਧਮਾਕਾ

ਅੱਜ ਜਲੰਧਰ ’ਚ ਸੁਖਬੀਰ ਨੇ ਕੀਤਾ ਸੀ ਐਲਾਨ
ਦੱਸਣਯੋਗ ਹੈ ਕਿ ਅੱਜ ਡਾ. ਅੰਬੇਡਕਰ ਜਯੰਤੀ ਮੌਕੇ ਜਲੰਧਰ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਆਖਿਆ ਕਿ ਜੇਕਰ 2022 ਵਿਚ ਅਕਾਲੀ ਦਲ ਬਾਦਲ ਦੀ ਸਰਕਾਰ ਬਣਦੀ ਹੈ ਤਾਂ ਦਲਿਤ ਚਿਹਰਾ ਪਾਰਟੀ ਦਾ ਉਪ ਮੁੱਖ ਮੰਤਰੀ ਹੋਵੇਗਾ। ਇਸ ਤੋਂ ਇਲਾਵਾ ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਅਸੀਂ ਡਾ. ਅੰਬੇਡਕਰ ਦੇ ਨਾਮ ’ਤੇ ਪੰਜਾਬ ਵਿਚ ਇਕ ਵਿਸ਼ਾਲ ਯੂਨੀਵਰਸਿਟੀ ਬਣਾਵਾਂਗੇ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਚੋਣਾਂ ਗੱਠਜੋੜ ਤਹਿਤ ਲੜੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸੀ. ਬੀ. ਐੱਸ. ਈ. ਦੀ 10ਵੀਂ ਦੀ ਪ੍ਰੀਖਿਆ ਰੱਦ, 12ਵੀਂ ਦੀ ਮੁਲਤਵੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News