ਪ੍ਰਾਪਰਟੀ ਡੀਲਰਜ਼ ਨੂੰ ਆ ਰਹੀਆਂ ਨੇ ''ਕਾਹਲਵਾਂ ਤੇ ਗੌਂਡਰ'' ਗੈਂਗ ਦੀਆਂ ਕਾਲਾਂ
Tuesday, Nov 27, 2018 - 04:18 PM (IST)
ਲੁਧਿਆਣਾ (ਮਹੇਸ਼) : ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਅਤੇ ਸੁੱਖਾ ਕਾਹਲਵਾਂ ਦੇ ਨਾਂ ਤੋਂ ਫੋਨ ਕਾਲਾਂ ਨੇ ਜ਼ਿਲੇ 'ਚ ਭੱੜਥੂ ਪਾਇਆ ਹੋਇਆ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਨਗਰ 'ਚ ਕੁਝ ਪ੍ਰਾਪਰਟੀ ਡੀਲਰਾਂ ਨੂੰ ਧਮਕੀ ਭਰੇ ਫੋਨ ਆ ਰਹੇ ਸਨ। ਫੋਨ ਕਰਨ ਵਾਲਾ ਆਪਣੇ ਆਪ ਨੂੰ ਗੈਂਗਸਟਰ ਗਿਰੋਹ ਦਾ ਸਰਗਣਾ ਦੱਸ ਰਿਹਾ ਹੈ। ਜੋ 10 ਦਿਨਾਂ ਦੇ ਅੰਦਰ ਫਿਰੌਤੀ ਦੀ ਰਕਮ ਤਿਆਰ ਰੱਖਣ ਲਈ ਕਹਿ ਰਿਹਾ ਸੀ। ਲੁਧਿਆਣਾ ਦੇ ਪ੍ਰਾਪਰਟੀ ਡੀਲਰਾਂ ਨੂੰ ਹੀ ਇਸ ਤਰ੍ਹਾਂ ਦੇ ਫੋਨ ਕਰੀਬ ਪਿਛਲੇ ਦੋ ਦਿਨਾਂ ਤੋਂ ਆ ਰਹੇ ਸਨ। ਫਿਲਹਾਲ ਮਾਮਲੇ ਦੀ ਜਾਂਚ ਅਸਿਸਟੈਂਟ ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਨੂੰ ਸੌਂਪੀ ਗਈ ਹੈ। ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਪ੍ਰਾਪਰਟੀ ਡੀਲਰਾਂ ਦੇ ਦਫਤਰਾਂ ਬਾਹਰ ਬੋਰਡਾਂ 'ਤੇ ਫੋਨ ਨੰਬਰ ਲਿਖੇ ਹਨ, ਉਨ੍ਹਾਂ ਨੂੰ ਹੀ ਗੈਂਗਸਟਰਾਂ ਦਾ ਡਰਾਵਾ ਦੇ ਕੇ ਫੋਨ ਕੀਤੇ ਜਾ ਰਹੇ ਹਨ।
ਪੁਲਸ ਕਮਿਸ਼ਨਰ ਨੇ ਕੀਤਾ ਖੁਲਾਸਾ
ਪ੍ਰਾਪਰਟੀ ਡੀਲਰ ਬਿਲਡਰ ਅਤੇ ਕਾਲੋਨਾਈਜ਼ਰਾਂ ਤੋਂ ਫੋਨ 'ਤੇ ਫਿਰੌਤੀ ਮੰਗਣ ਪਿੱਛੇ ਕਿਸੇ ਗੈਂਗਸਟਰ ਦਾ ਹੱਥ ਨਹੀਂ ਸਗੋਂ ਕੁਝ ਸ਼ਰਾਰਤੀ ਅਨਸਰ ਹਨ, ਜੋ ਜਲਦੀ ਹੀ ਦਬੋਚੇ ਜਾਣਗੇ। ਇਹ ਜਾਣਕਾਰੀ ਪੁਲਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਇਕ ਪ੍ਰੈੱਸ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਇਸ ਪਿੱਛੇ ਕੋਈ ਗਿਰੋਹ ਨਹੀਂ ਕੰਮ ਕਰ ਰਿਹਾ। ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਕੋਈ ਸ਼ਰਾਰਤੀ ਅਨਸਰ ਕਾਨੂੰਨ ਨਾਲ ਖਿਲਵਾੜ ਕਰ ਰਿਹਾ ਹੈ ਜੋ ਜਲਦੀ ਦਬੋਚੇ ਜਾਣਗੇ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਫੋਨ ਕਰਨ ਵਾਲੇ ਵਿਅਕਤੀ ਦੀ ਆਵਾਜ਼ ਦੀ ਜਾਂਚ ਕੀਤੀ ਹੈ। ਉਹ ਉਸ ਗੈਂਗਸਟਰ ਦੀ ਆਵਾਜ਼ ਨਾਲ ਮੇਲ ਨਹੀ ਖਾ ਰਹੀ ਹੈ ਜਿਸ ਦੇ ਨਾਂ ਨਾਲ ਉਹ ਧਮਕਾ ਰਿਹਾ ਹੈ। ਗਿੱਲ ਨੇ ਦੱਸਿਆ ਕਿ ਸ਼ਰਾਰਤੀ ਅਨਸਰ ਸੋਸ਼ਲ ਮੀਡੀਆ ਅਤੇ ਨੈੱਟ ਤੋਂ ਪ੍ਰਾਪਰਟੀ ਡੀਲਰਾਂ, ਬਿਲਡਰਾਂ ਤੇ ਕਾਲੋਨਾਈਜ਼ਰਾਂ ਦੇ ਨੰਬਰ ਹਾਸਲ ਕਰ ਕੇ ਉਨ੍ਹਾਂਂ ਨੂੰ ਫੋਨ ਕਰ ਰਿਹਾ ਹੈ।
