ਨੌਜਵਾਨ ਨੇ ਆਪਣੀ ਮੰਗੇਤਰ ਦੇ ਘਰ ਜਾ ਕੇ ਕੀਤੀ ਆਤਮ-ਹੱਤਿਆ
Monday, Mar 05, 2018 - 12:35 AM (IST)

ਗੁਰਦਾਸਪੁਰ (ਵਿਨੋਦ) - ਭੈਣੀ ਮੀਆਂ ਖਾਂ ਪੁਲਸ ਸਟੇਸ਼ਨ ਅਧੀਨ ਪਿੰਡ ਮੌਜਪੁਰ ਨਿਵਾਸੀ ਇਕ ਨੌਜਵਾਨ ਵੱਲੋਂ ਆਪਣੀ ਮੰਗੇਤਰ ਦੇ ਘਰ ਜਾ ਕੇ ਜ਼ਹਿਰੀਲੀ ਦਵਾਈ ਖਾ ਕੇ ਆਤਮ-ਹੱਤਿਆ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਭੈਣੀ ਮੀਆਂ ਖਾਂ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਗੁਰਦਾਸਪੁਰ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਨੌਜਵਾਨ ਉਮਾ ਪੁੱਤਰ ਅਜੈਬ ਸਿੰਘ ਨਿਵਾਸੀ ਪਿੰਡ ਮੌਜਪੁਰ ਦਾ ਰਿਸ਼ਤਾ ਲਗਭਗ ਚਾਰ ਸਾਲ ਪਹਿਲਾਂ ਪਿੰਡ ਫੱਤੂ ਬਰਕਤਾਂ ਨਿਵਾਸੀ ਮਨਜੀਤ ਕੌਰ ਪੁੱਤਰੀ ਜਗਤਾਰ ਸਿੰਘ ਨਾਲ ਹੋਇਆ ਸੀ ਪਰ ਉਮਾ ਦੇ ਸਹੁਰੇ ਵਾਲਿਆਂ ਵੱਲੋਂ ਕੋਈ ਨਾ ਕੋਈ ਬਹਾਨਾ ਬਣਾ ਕੇ ਵਿਆਹ ਨੂੰ ਟਾਲਿਆ ਜਾ ਰਿਹਾ ਸੀ, ਜਿਸ ਕਾਰਨ ਮ੍ਰਿਤਕ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਸੀ ਤੇ ਬੀਤੀ ਰਾਤ ਉਸ ਨੇ ਪਿੰਡ ਫੱਤੂ ਬਰਕਤਾਂ 'ਚ ਜਾ ਕੇ ਜ਼ਹਿਰੀਲੀ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਕੀ ਕਹਿੰਦੇ ਹਨ ਪੁਲਸ ਸਟੇਸ਼ਨ ਇੰਚਾਰਜ
ਇਸ ਸਬੰਧੀ ਪੁਲਸ ਸਟੇਸ਼ਨ ਭੈਣੀ ਮੀਆਂ ਖਾਂ ਦੇ ਇੰਚਾਰਜ ਸਰਬਜੀਤ ਸਿੰਘ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਉਕਤ ਨੌਜਵਾਨ ਇਕੱਲਾ ਹੀ ਆਪਣੇ ਸਹੁਰੇ ਘਰ ਪਿੰਡ ਫੱਤੂ ਬਰਕਤਾਂ ਆਇਆ ਸੀ। ਉਥੇ ਉਮਾ ਨੇ ਆਪਣੇ ਸਹੁਰੇ ਪਰਿਵਾਰ ਨੂੰ ਵਿਆਹ ਦੀ ਮਿਤੀ ਨਿਸ਼ਚਿਤ ਕਰਨ ਲਈ ਕਿਹਾ ਪਰ ਮ੍ਰਿਤਕ ਦੀ ਸੱਸ ਕਸ਼ਮੀਰ ਕੌਰ ਨੇ ਉਸ ਨੂੰ ਵਿਆਹ ਸਬੰਧੀ ਕੋਰਾ ਜਵਾਬ ਦੇ ਦਿੱਤਾ, ਜਿਸ ਕਾਰਨ ਉਹ ਉਥੋਂ ਚਲਾ ਗਿਆ ਤੇ ਕੋਈ ਜ਼ਹਿਰੀਲੀ ਦਵਾਈ ਖਾ ਲਈ। ਉਸ ਦੀ ਹਾਲਤ ਗੰਭੀਰ ਹੋ ਗਈ ਤੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਉਮਾ ਦੇ ਪਿਤਾ ਅਜੈਬ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਮ੍ਰਿਤਕ ਦੀ ਮੰਗੇਤਰ ਮਨਜੀਤ ਕੌਰ ਤੇ ਉਸ ਦੀ ਮਾਂ ਕਸ਼ਮੀਰ ਕੌਰ ਵਿਰੁੱਧ ਧਾਰਾ 306 ਅਧੀਨ ਕੇਸ ਦਰਜ ਕਰ ਕੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਧਿਕਾਰੀ ਅਨੁਸਾਰ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।