ਪਤਨੀ ਤੋਂ ਦੁਖੀ ਹੋਏ ਪਤੀ ਨੇ ਆਪਣੇ ''ਤੇ ਪੈਟਰੋਲ ਛਿੜਕ ਕੇ ਲਾਈ ਅੱਗ! 60 ਫ਼ੀਸਦੀ ਝੁਲਸਿਆ
Monday, Sep 28, 2026 - 02:46 PM (IST)
ਲੁਧਿਆਣਾ (ਰਾਜ): ਕੋਟ ਮੰਗਲ ਇਲਾਕੇ ਵਿਚ ਪਰਿਵਾਰਕ ਕਲੇਸ਼ ਅਤੇ ਦੇ ਚੱਲਦਿਆਂ ਇਕ ਵਿਅਕਤੀ ਵੱਲੋਂ ਆਪਣੇ ਉੱਪਰ ਪੈਟਰੋਲ ਛਿੜਕ ਕੇ ਖ਼ੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰਨ ਦਾ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ੌਫ਼ਨਾਕ ਕਦਮ ਕਾਰਨ ਸੁਖਜਿੰਦਰ ਸਿੰਘ ਲਗਭਗ 60 ਫ਼ੀਸਦੀ ਗੰਭੀਰ ਰੂਪ ਵਿਚ ਝੁਲਸ ਗਿਆ। ਚੀਖ-ਚਿਹਾੜਾ ਸੁਣ ਕੇ ਦੌੜੇ ਆਲੇ-ਦੁਆਲੇ ਦੇ ਲੋਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਅਤੇ ਗੰਭੀਰ ਹਾਲਤ ਵਿਚ ਉਸ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ। ਉੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਮੁਢਲੇ ਇਲਾਜ ਤੋਂ ਬਾਅਦ ਪਟਿਆਲਾ ਸਥਿਤ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।
ਪਤਨੀ ਨਾਲ ਚੱਲ ਰਿਹਾ ਸੀ ਵਿਵਾਦ
ਪ੍ਰਾਪਤ ਜਾਣਕਾਰੀ ਅਨੁਸਾਰ, ਕੋਟ ਮੰਗਲ ਦੇ ਰਹਿਣ ਵਾਲੇ ਸੁਖਜਿੰਦਰ ਸਿੰਘ ਦਾ ਆਪਣੀ ਪਤਨੀ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਘਰੇਲੂ ਵਿਵਾਦ ਚੱਲ ਰਿਹਾ ਸੀ। ਆਪਸੀ ਅਣਬਣ ਅਤੇ ਤਣਾਅ ਇੰਨਾ ਵਧ ਚੁੱਕਾ ਸੀ ਕਿ ਦੋਵੇਂ ਪਤੀ-ਪਤਨੀ ਵੱਖ-ਵੱਖ ਰਹਿ ਰਹੇ ਸਨ। ਪਰਿਵਾਰਕ ਵਿਵਾਦ ਅਤੇ ਵੱਖ ਰਹਿਣ ਕਾਰਨ ਸੁਖਜਿੰਦਰ ਸਿੰਘ ਡੂੰਘੇ ਮਾਨਸਿਕ ਤਣਾਅ ਅਤੇ ਡਿਪ੍ਰੈਸ਼ਨ ਵਿੱਚੋਂ ਲੰਘ ਰਿਹਾ ਸੀ। ਐਤਵਾਰ ਨੂੰ ਇਸੇ ਪਰਿਵਾਰਕ ਕਲੇਸ਼ ਦੇ ਵਿਚਕਾਰ ਗੱਲ ਇੰਨੀ ਵਿਗੜ ਗਈ ਕਿ ਉਸ ਨੇ ਇਹ ਖ਼ੌਫ਼ਨਾਕ ਕਦਮ ਚੁੱਕਣ ਦਾ ਫ਼ੈਸਲਾ ਕਰ ਲਿਆ।
ਐਤਵਾਰ ਨੂੰ ਸੁਖਜਿੰਦਰ ਸਿੰਘ ਨੇ ਕਥਿਤ ਤੌਰ 'ਤੇ ਆਪਣੇ ਉੱਪਰ ਪੈਟਰੋਲ ਪਾ ਲਿਆ ਅਤੇ ਆਪਣੇ ਆਪ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਦੇਖਦਿਆਂ ਹੀ ਦੇਖਦਿਆਂ ਉਹ ਅੱਗ ਦਾ ਗੋਲਾ ਬਣ ਗਿਆ। ਉਸ ਦੀਆਂ ਦਰਦਨਾਕ ਚੀਖਾਂ ਸੁਣ ਕੇ ਆਸ-ਪਾਸ ਦੇ ਮੁਹੱਲਾ ਨਿਵਾਸੀ ਅਤੇ ਰਾਹਗੀਰ ਤੁਰੰਤ ਮੌਕੇ ਵੱਲ ਦੌੜੇ। ਲੋਕਾਂ ਨੇ ਬਿਨਾਂ ਸਮਾਂ ਗੁਆਏ ਪਾਣੀ ਅਤੇ ਚਾਦਰਾਂ ਦੀ ਮਦਦ ਨਾਲ ਕੜੀ ਮਸ਼ੱਕਤ ਕਰਕੇ ਅੱਗ ਦੀਆਂ ਲਪਟਾਂ ਨੂੰ ਬੁਝਾਇਆ, ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਝੁਲਸ ਚੁੱਕਾ ਸੀ।
ਸਥਾਨਕ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਰੂਪ ਵਿਚ ਝੁਲਸੇ ਸੁਖਜਿੰਦਰ ਸਿੰਘ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ। ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਦਾ ਸਰੀਰ ਲਗਭਗ 60 ਫ਼ੀਸਦੀ ਝੁਲਸ ਚੁੱਕਾ ਹੈ ਅਤੇ ਉਸ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ। ਹਸਪਤਾਲ ਵਿਚ ਮੁਢਲੇ ਇਲਾਜ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਬਿਹਤਰ ਬਰਨ ਟ੍ਰੀਟਮੈਂਟ ਲਈ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫ਼ਰ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਪੁਲਿਸ ਹਸਪਤਾਲ ਅਤੇ ਘਟਨਾ ਸਥਾਨ 'ਤੇ ਪਹੁੰਚੀ। ਜਾਂਚ ਅਫ਼ਸਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਅਧਿਕਾਰਤ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੁਖਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ, ਗੁਆਂਢੀਆਂ ਅਤੇ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਇਜਾਜ਼ਤ ਮਿਲਣ 'ਤੇ ਪੀੜਤ ਦੇ ਅਧਿਕਾਰਤ ਬਿਆਨ ਦਰਜ ਕੀਤੇ ਜਾਣਗੇ ਅਤੇ ਉਸ ਆਧਾਰ 'ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
