ਸਾਹਨੇਵਾਲ ''ਚ ਵਿਅਕਤੀ ਦਾ ਕਿਰਚਾਂ ਮਾਰ ਕੇ ਕਤਲ
Saturday, Oct 03, 2026 - 06:30 PM (IST)
ਸਾਹਨੇਵਾਲ/ਕੋਹਾੜਾ (ਜਗਰੂਪ)- ਆਪਸੀ ਰੰਜਿਸ਼ ਨੂੰ ਲੈ ਕੇ ਇਕ ਧਿਰ ਵੱਲੋਂ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਥਾਣਾ ਸਾਹਨੇਵਾਲ ਇਲਾਕੇ ਦੀ ਹੈ, ਜਿਥੇ ਬੀਤੀ ਦੇਰ ਰਾਤ ਨਸ਼ਾ ਕਰਨ ਵਾਲੇ ਨੌਜਵਾਨਾਂ ਵੱਲੋਂ ਇਕ 35 ਸਾਲਾ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਾਹਨੇਵਾਲ ਦੇ ਮੁੱਖ ਅਫਸਰ ਗੁਲਜਿੰਦਰਪਾਲ ਸਿੰਘ ਸੇਖੋਂ ਪੁਲਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਗਏ, ਜਿਸ ਤੋਂ ਬਾਅਦ ਮੌਕੇ ’ਤੇ ਕ੍ਰਾਈਮ ਬਾਂਚ, ਫੋਰੈਂਸਿਕ ਲੈਬ ਦੀਆਂ ਟੀਮਾਂ ਅਤੇ ਸਪੈਸ਼ਲ ਸੈੱਲ ਦੀਆਂ ਟੀਮਾਂ ਅਤੇ ਏ. ਸੀ. ਪੀ. ਸਾਊਥ ਅੰਗਰੇਜ਼ ਸਿੰਘ, ਏ. ਡੀ. ਸੀ. ਪੀ. 2 ਕਰਨਵੀਰ ਸਿੰਘ ਘਟਨਾ ਦਾ ਜਾਇਜ਼ਾ ਲੈਣ ਲਈ ਪਹੁੰਚ ਗਏ।
ਥਾਣਾ ਮੁਖੀ ਇੰਸਪੈਕਟਰ ਗੁਲਜਿੰਦਰਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਆਪਸੀ ਰੰਜਿਸ਼ ਸੀ। ਮਰਨ ਵਾਲੇ ਵਿਅਕਤੀ ਦੀ ਪਛਾਣ ਦਿਨੇਸ਼ ਕੁਮਾਰ ਗੁੱਡੂ (35) ਵਜੋਂ ਹੋਈ ਹੈ, ਜਿਸ ਨੂੰ 3 ਵਿਅਕਤੀਆਂ ਗੋਲੂ ਪੁੱਤਰ ਅਰਜੁਨ ਤੀਆਂ ਮੁਹੱਲਾ ਸਾਹਨੇਵਾਲ, ਸੁਨਜੀਤ ਕੁਮਾਰ ਰਾਜੂ ਪੁੱਤਰ ਸਿਪਾਹੀ ਰਾਵਤ ਵਾਸੀ ਬਲਾਲਾ ਕਾਲੋਨੀ ਗੋਬਿੰਦਗੜ੍ਹ ਅਤੇ ਓਮੇਸ਼ ਕੁਮਾਰ ਸ਼ਾਗਾਂ ਪੁੱਤਰ ਪ੍ਰੇਮਪਾਲ ਸੂਦਾਂ ਵਾਲੀ ਕੱਚੀ ਪਹੀ ਸਾਹਨੇਵਾਲ ਵਜੋਂ ਹੋਈ ਹੈ।
ਥਾਣੇਦਾਰ ਸੇਖੋਂ ਨੇ ਦੱਸਿਆ ਕਿ ਲਗਭਗ ਹਫਤਾ ਪਹਿਲਾਂ ਉਕਤ ਤਿੰਨੇ ਵਿਅਕਤੀਆਂ ਅਤੇ ਸਾਥੀਆਂ ਨੂੰ ਮਰਨ ਵਾਲੇ ਗੁੱਡੂ ਦੇ ਬੰਦਿਆਂ ਨੇ ਬੁਰੀ ਤਰ੍ਹਾਂ ਕੁੱਟਿਆ ਸੀ, ਜਿਸ ਤੋਂ ਭੜਕੇ ਦੂਜੇ ਗਰੁੱਪ ਦੇ ਬੰਦਿਆਂ ਨੇ ਬੀਤੀ ਰਾਤ ਕਿਰਚਾਂ ਨਾਲ ਗੁੱਡੂ ਦਾ ਕਤਲ ਕਰ ਦਿੱਤਾ। ਇੰਸਪੈਕਟਰ ਗੁਲਜਿੰਦਰਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਪੁਲਸ ਨੇ ਮਰਨ ਵਾਲੇ ਦੇ ਭਰਾ ਦੀਪਕ ਕੁਮਾਰ ਪੁੱਤਰ ਪੰਕਜ ਗੁਪਤਾ ਵਾਸੀ ਅਨੰਤ ਵਿਹਾਰ ਕਾਲੋਨੀ ਰਾਮਗੜ੍ਹ ਰੋਡ, ਸਾਹਨੇਵਾਲ ਦੇ ਬਿਆਨਾਂ ’ਤੇ 3 ਵਿਅਕਤੀਆਂ ਖਿਲਾਫ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਗੁੱਡੂ ਅਤੇ ਮਾਰਨ ਵਾਲੇ ਸ਼ਾਂਗਾ, ਰਾਜੂ ਅਤੇ ਗੋਲੂ ਚਾਰੇ ਜਾਣੇ ‘ਚਿੱਟੇ’ ਦੇ ਆਦੀ ਹਨ। ਇਹ ਲੋਕ ਨਸ਼ਾ ਖੁਦ ਕਰਦੇ ਅਤੇ ਵੇਚਦੇ ਵੀ ਹਨ।
