ਉਧਾਰੇ ਪੈਸੇ ਮੰਗਣ ਦੀ ਸ਼ਰਮਿੰਦਗੀ ਨੇ ਨੌਜਵਾਨ ਨੂੰ ਆਤਮ-ਹੱਤਿਆ ਲਈ ਉਕਸਾਇਆ

Monday, Aug 14, 2017 - 12:16 PM (IST)

ਉਧਾਰੇ ਪੈਸੇ ਮੰਗਣ ਦੀ ਸ਼ਰਮਿੰਦਗੀ ਨੇ ਨੌਜਵਾਨ ਨੂੰ ਆਤਮ-ਹੱਤਿਆ ਲਈ ਉਕਸਾਇਆ

ਗੁਰਦਾਸਪੁਰ (ਵਿਨੋਦ)-ਦੋਸਤਾਂ ਵੱਲੋਂ ਘਰ ਆ ਕੇ ਉਧਾਰ ਦੇ ਪੈਸੇ ਮੰਗਣ ਤੋਂ ਸ਼ਰਮਿੰਦਗੀ ਮਹਿਸੂਸ ਕਰ ਕੇ ਆਤਮ ਹੱਤਿਆ ਨੋਟ ਲਿਖ ਕੇ ਲਾਪਤਾ ਹੋਣ ਵਾਲੇ ਨੌਜਵਾਨ ਨੂੰ ਪੁਲਸ ਨੇ ਅੰਮ੍ਰਿਤਸਰ ਤੋਂ ਫੜ ਕੇ ਪਰਿਵਾਰ ਹਵਾਲੇ ਕਰ ਦਿੱਤਾ ਹੈ।ਪੁਲਸ ਚੌਕੀ ਬਰਿਆਰ ਦੇ ਇੰਚਾਰਜ ਵਰਿੰਦਰ ਪਾਲ ਨੇ ਦੱਸਿਆ ਕਿ ਕਿਸ਼ਨਪੁਰ ਰਣਜੀਤ ਬਾਗ ਵਾਸੀ ਸੁਰਿੰਦਰ ਪਾਲ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਦਾ ਲੜਕਾ ਰਾਹੁਲ ਕੁਮਾਰ ਘਰ ਆਤਮ-ਹੱਤਿਆ ਦਾ ਨੋਟ ਲਿਖ ਕੇ ਕਿਤੇ ਲਾਪਤਾ ਹੋ ਗਿਆ ਹੈ, ਜਿਸ 'ਤੇ ਪੁਲਸ ਨੇ ਰਾਹੁਲ ਦੇ ਮੋਬਾਇਲ ਦੀ ਲੋਕੇਸ਼ਨ ਪਤਾ ਕਰ ਕੇ ਉਸ ਨੂੰ ਅੰਮ੍ਰਿਤਸਰ ਤੋਂ ਬਰਾਮਦ ਕੀਤਾ।
ਪੁਲਸ ਵੱਲੋਂ ਕੀਤੀ ਜਾਂਚ 'ਚ ਨੌਜਵਾਨ ਰਾਹੁਲ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਅਨੁਦੀਪ ਤੇ ਰਾਹੁਲ ਕੁਮਾਰ ਤੋਂ 4 ਹਜ਼ਾਰ ਰੁਪਏ ਉਧਾਰ ਲਏ ਸੀ ਅਤੇ ਉਹ ਉਸ ਦੇ ਪਿਤਾ ਦੇ ਸਾਹਮਣੇ ਘਰ ਆ ਕੇ ਪੈਸੇ ਮੰਗਣ ਲੱਗੇ, ਜਿਸ 'ਤੇ ਉਸ ਨੇ ਬਹੁਤ ਹੀ ਸ਼ਰਮਿੰਦਗੀ ਮਹਿਸੂਸ ਕੀਤੀ ਅਤੇ ਆਤਮ ਹੱਤਿਆ ਕਰਨ ਦਾ ਮਨ ਬਣਾਇਆ। ਉਸ ਨੇ ਦੱਸਿਆ ਕਿ ਉਸ ਨੇ ਆਪਣੇ ਦੋਸਤ ਬਿੰਨੀ ਵਾਸੀ ਮੱਦੋਵਾਲ ਨੂੰ ਸਵੇਰੇ 10 ਵਜੇ ਫੋਨ ਕਰ ਕੇ ਕਿਹਾ ਕਿ ਮੈਨੂੰ ਰੇਲਵੇ ਸਟੇਸ਼ਨ ਛੱਡ ਦੇਵੇ ਕਿਉਂਕਿ ਉਸ ਨੇ ਕਿਤੇ ਬਾਹਰ ਜਾਣਾ ਹੈ ਅਤੇ ਉਹ ਮੈਨੂੰ ਰੇਲਵੇ ਸਟੇਸ਼ਨ ਛੱਡ ਕੇ ਚਲਾ ਗਿਆ ਅਤੇ ਮੈਂ ਗੱਡੀ ਰਾਹੀਂ ਅੰਮ੍ਰਿਤਸਰ ਪਹੁੰਚ ਗਿਆ। ਪੁਲਸ ਨੇ ਫਿਲਹਾਲ ਨੌਜਵਾਨ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ।


Related News