ਬੀਮਾਰੀ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਗਲਤ ਦਵਾਈ ਨਿਗਲਣ ਨਾਲ ਮੌਤ
Thursday, Jun 28, 2018 - 01:59 AM (IST)
ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਬੁੱਲ੍ਹੋਵਾਲ ਦੇ ਅਧੀਨ ਪਿੰਡ ਪਥਿਆਲ ਦੇ ਰਹਿਣ ਵਾਲੇ 45 ਸਾਲਾ ਸੁਰਜੀਤ ਲਾਲ ਪੁੱਤਰ ਗਿਆਨ ਚੰਦ ਦੀ ਬੀਮਾਰੀ ਤੋਂ ਪ੍ਰੇਸ਼ਾਨੀ ਦੇ ਦੌਰਾਨ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲਣ ਨਾਲ ਮੌਤ ਹੋ ਗਈ। ਬੁੱਲ੍ਹੋਵਾਲ ਪੁਲਸ ’ਚ ਤੈਨਾਤ ਏ.ਐੱਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਪਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਦੀ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਸਿਵਲ ਹਸਪਤਾਲ ’ਚ ਪਰਿਵਾਰ ਨੇ ਦੱਸਿਆ ਕਿ ਮ੍ਰਿਤਕ ਸੁਰਜੀਤ ਲਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ ਤੇ ਪਿੱਛਲੇ ਕਾਫ਼ੀ ਸਮੇਂ ਤੋਂ ਮਿਰਗੀ ਦੇ ਦੌਰੇ ਪੈਣ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ। ਕੱਲ ਮੰਗਲਵਾਰ ਨੂੰ ਸ਼ਾਮ ਦੇ ਸਮੇਂ ਗਲਤੀ ਨਾਲ ਕੋਈ ਜ਼ਹਿਰੀਲੀ ਦਵਾਈ ਨਿਗਲਣ ਨਾਲ ਉਸ ਦੀ ਹਾਲਤ ਖ਼ਰਾਬ ਹੋਣ ਲੱਗੀ ਤਾਂ ਉਸ ਨੂੰ ਪਹਿਲਾਂ ਸਰਕਾਰੀ ਹਸਪਤਾਲ ਤੇ ਬਾਅਦ ’ਚ ਨਿੱਜੀ ਹਸਪਤਾਲ ਪਹੁੰਚਾ ਦਿੱਤਾ, ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਇਕ ਬੇਟਾ ਛੱਡ ਗਿਆ।
