ਰੱਖੜੀ ਬੰਨ੍ਹਣ ਜਾ ਰਹੀ ਭੈਣ ਤੋਂ ਪਰਸ ਖੋਹਿਆ
Wednesday, Aug 09, 2017 - 07:16 AM (IST)

ਤਰਨਤਾਰਨ, (ਰਾਜੂ)- ਖਡੂਰ ਸਾਹਿਬ ਨੇੜੇ ਨਾਗੋਕੇ ਮੋੜ ਬੱਸ ਅੱਡੇ 'ਤੇ ਰੱਖੜੀ ਬੰਨ੍ਹਣ ਜਾ ਰਹੀ ਇਕ ਭੈਣ ਦਾ ਦੋ ਝਪਟਮਾਰ ਲੁਟੇਰੇ ਪਰਸ ਖੋਹ ਕੇ ਮੋਟਰਸਾਈਕਲ 'ਤੇ ਫਰਾਰ ਹੋਣ ਲੱਗੇ ਤਾਂ ਉਥੇ ਮੌਜੂਦ ਸਵਾਰੀਆਂ ਤੇ ਹੋਰ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ, ਲੁਟੇਰੇ ਮੋਟਰਸਾਈਕਲ ਛੱਡ ਕੇ ਇਕ ਪਾਸੇ ਨੂੰ ਭੱਜ ਤੁਰੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਘੇਰ ਕੇ ਫੜ ਲਿਆ। ਨਾਗੋਕੇ ਮੋੜ ਦੇ ਦੁਕਾਨਦਾਰਾਂ ਅਤੇ ਲੋਕਾਂ ਨੇ ਥਾਣਾ ਵੈਰੋਵਾਲ ਵਿਖੇ ਪੁਲਸ ਨੂੰ ਇਸ ਘਟਨਾ ਦੀ ਇਤਲਾਹ ਦਿੱਤੀ।
ਮੌਕੇ 'ਤੇ ਥਾਣਾ ਵੈਰੋਵਾਲ ਦੇ ਏ. ਐੱਸ. ਆਈ. ਬਲਰਾਜ ਸਿੰਘ ਪੁਲਸ ਪਾਰਟੀ ਸਮੇਤ ਪੁੱਜੇ ਤੇ ਦੋਵਾਂ ਝਪਟਮਾਰਾਂ ਨੂੰ ਪਰਸ ਸਮੇਤ ਗ੍ਰਿਫਤਾਰ ਕਰ ਲਿਆ। ਝਪਟਮਾਰਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਪ੍ਰੇਮ ਸਿਘ ਵਾਸੀ ਗੱਗੜਬਾਵਾ ਤੇ ਰਣਧੀਰ ਸਿੰਘ ਉਰਫ ਕਾਕੂ ਪੁੱਤਰ ਗੁਰਮੇਜ ਸਿੰਘ ਵਾਸੀ ਫੋਰਮੈਨ ਵਜੋਂ ਹੋਈ।
ਉਨ੍ਹਾਂ ਕੋਲੋਂ ਖੋਹਿਆ ਹੋਇਆ ਪਰਸ, ਜਿਸ 'ਚ 11000 ਰੁਪਏ ਨਕਦ ਸਨ, ਬਰਾਮਦ ਕਰ ਕੇ ਰੱਖੜੀ ਬੰਨ੍ਹਣ ਜਾ ਰਹੀ ਸੁਖਵਿੰਦਰ ਕੌਰ ਪਤਨੀ ਅਮਰਜੀਤ ਸਿੰਘ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਲੁੱਟ ਦੇ ਚਾਰ ਮੋਟਰਸਾਈਕਲ ਬਰਾਮਦ ਕੀਤੇ। ਪੁਲਸ ਨੇ ਪੁੱਛਗਿੱਛ ਲਈ ਮੁਲਜ਼ਮਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲੈਣ ਲਈ ਬੇਨਤੀ ਕੀਤੀ ਹੈ।