ਸੁਭਾਸ਼ ਸੋਂਧੀ ਦੀ ਪਤਨੀ ਨੇ ਕਿਹਾ-ਦੂਜੀ ਧਿਰ ''ਤੇ ਵੀ ਦਰਜ ਹੋਵੇ ਕਰਾਸ ਕੇਸ
Wednesday, Feb 07, 2018 - 06:49 AM (IST)
ਜਲੰਧਰ, (ਰਾਜੇਸ਼)- ਅਲੀ ਮੁਹੱਲਾ ਗੋਲੀ ਕਾਂਡ ਤੋਂ ਬਾਅਦ ਜਿਥੇ ਅਕਾਲੀ ਆਗੂ ਸੁਭਾਸ਼ ਸੋਂਧੀ ਨੂੰ ਪੁਲਸ ਨੇ ਜੇਲ ਭੇਜ ਦਿੱਤਾ ਹੈ, ਉਥੇ ਹੀ ਅੱਜ ਉਸ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦੇ ਪਤੀ 'ਤੇ ਦਰਜ ਮਾਮਲਾ ਬੇਬੁਨਿਆਦ ਤੇ ਝੂਠਾ ਹੈ। ਸੁਭਾਸ਼ ਸੋਂਧੀ ਦੀ ਪਤਨੀ ਪ੍ਰੀਤੀ ਨੇ ਦੱਸਿਆ ਕਿ ਝਗੜੇ ਵਾਲੀ ਰਾਤ ਸੁਭਾਸ਼ ਸੋਂਧੀ ਨੂੰ ਕਿਸੇ ਨੇ ਪ੍ਰੋਗਰਾਮ ਵਿਚ ਬੁਲਾਇਆ ਸੀ, ਜਿਥੇ ਦੂਜੀ ਧਿਰ ਦੇ ਵਿਪਨ ਸਭਰਵਾਲ ਨੇ ਆਪਣੇ ਸਾਥੀਆਂ ਸਣੇ ਬਿਨਾਂ ਕਾਰਨ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਗੋਲੀਆਂ ਚਲਾਉਣ ਵਾਲੀ ਦੂਜੀ ਧਿਰ ਦੇ ਲੋਕਾਂ 'ਤੇ ਜਾਂਚ ਕਰ ਕੇ ਕਰਾਸ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਉਸ ਦੇ ਪਤੀ ਕੋਲ ਉਸ ਰਾਤ ਕੋਈ ਪਿਸਤੌਲ ਨਹੀਂ ਸੀ। ਉਨ੍ਹਾਂ ਦੀ ਪਿਸਤੌਲ ਘਰ ਦੀ ਅਲਮਾਰੀ ਵਿਚ ਪਈ ਸੀ ਤੇ ਪੁਲਸ ਨੇ ਬਿਨਾਂ ਜਾਂਚ ਦੇ ਸੁਭਾਸ਼ ਸੋਂਧੀ ਨਾਲ ਉਨ੍ਹਾਂ ਦੇ ਬੇਟਿਆਂ 'ਤੇ ਜੋ ਮਾਮਲਾ ਦਰਜ ਕੀਤਾ ਹੈ, ਉਹ ਵੀ ਝੂਠਾ ਹੈ ਕਿਉਂਕਿ ਝਗੜੇ ਵਾਲੀ ਰਾਤ ਉਨ੍ਹਾਂ ਦਾ ਇਕ ਪੁੱਤਰ ਘਰ ਸੁੱਤਾ ਹੋਇਆ ਸੀ ਤੇ ਦੂਜਾ ਕਿਸੇ ਪ੍ਰੋਗਰਾਮ ਵਿਚ ਗਿਆ ਹੋਇਆ ਸੀ, ਜਿਨ੍ਹਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਮੌਜੂਦ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਉਨ੍ਹਾਂ ਦੇ ਪਤੀ ਤੇ ਪੁੱਤਰਾਂ 'ਤੇ ਦਰਜ ਕੀਤਾ ਮਾਮਲਾ ਰੱਦ ਕੀਤਾ ਜਾਵੇ ਤੇ ਦੂਜੀ ਧਿਰ 'ਤੇ ਵੀ ਕਰਾਸ ਮਾਮਲਾ ਦਰਜ ਕੀਤਾ ਜਾਵੇ।
