ਅਤਿਸ਼ੀ ਦੇ ਬਿਆਨਾਂ ’ਤੇ ਬਾਜਵਾ ਦਾ ਵਾਰ, ਕਿਹਾ 'ਫੋਰੈਂਸਿਕ ਰਿਪੋਰਟ ਨੇ ਸੱਚ ਸਾਹਮਣੇ ਲਿਆਂਦਾ'
Saturday, Jan 17, 2026 - 04:43 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੀ ਵਿਰੋਧੀ ਧਿਰ ਦੀ ਨੇਤਾ ਅਤਿਸ਼ੀ ਮਾਰਲੇਨਾ ਵੱਲੋਂ ਦਿੱਤੇ ਗਏ ਬਿਆਨ ਬਹੁਤ ਹੀ ਗਲਤ, ਅਪੱਤੀਜਨਕ ਅਤੇ ਸਿੱਖ ਸਮਾਜ ਲਈ ਅਪਮਾਨਜਨਕ ਸਨ। ਉਨ੍ਹਾਂ ਕਿਹਾ ਕਿ ਇਕ ਸੰਵਿਧਾਨਕ ਅਹੁਦਾ ਧਾਰਕ ਵੱਲੋਂ ਅਜਿਹੇ ਬਿਆਨ ਆਉਣਾ ਵਿਧਾਨ ਸਭਾ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਉਂਦਾ ਹੈ। ਬਾਜਵਾ ਨੇ ਕਿਹਾ ਕਿ ਇਹ ਮਾਮਲਾ ਹੁਣ ਰਾਜਨੀਤੀ ਤੱਕ ਸੀਮਿਤ ਨਹੀਂ ਰਿਹਾ, ਬਲਕਿ ਸੰਵਿਧਾਨਕ ਮਰਿਆਦਾ ਅਤੇ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਨਾਲ ਜੁੜਿਆ ਹੋਇਆ ਗੰਭੀਰ ਮੁੱਦਾ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 6 ਜਨਵਰੀ 2026 ਨੂੰ ਦਿੱਲੀ ਵਿਧਾਨ ਸਭਾ ਦੇ ਸਪੀਕਰ ਵੱਲੋਂ ਜਾਰੀ ਅਧਿਕਾਰਿਕ ਬੁਲੇਟਿਨ ਨੇ ਸਾਰੇ ਤੱਥ ਸਪੱਸ਼ਟ ਤੌਰ ’ਤੇ ਰਿਕਾਰਡ ’ਤੇ ਲਿਆ ਦਿੱਤੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਵਧਾਉਣ ਦੀ ਮੰਗ
ਉਨ੍ਹਾਂ ਕਿਹਾ ਕਿ ਬੁਲੇਟਿਨ ਵਿਚ ਦਰਜ ਹੈ ਕਿ ਪ੍ਰਧਾਨ ਅਧਿਕਾਰੀ ਨੂੰ ਫੋਰੈਂਸਿਕ ਲੈਬੋਰਟਰੀ ਦੀ ਰਿਪੋਰਟ ਪ੍ਰਾਪਤ ਹੋਈ, ਜਿਸ ਨੇ ਸਦਨ ਵਿਚ ਦਿੱਤੇ ਗਏ ਅਪੱਤੀਜਨਕ ਬਿਆਨਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕੀਤੀ ਹੈ। ਬਾਜਵਾ ਨੇ ਕਿਹਾ ਕਿ ਜਦੋਂ ਵਿਧਾਨ ਸਭਾ ਦੇ ਅਧਿਕਾਰਿਕ ਰਿਕਾਰਡ ਅਤੇ ਫੋਰੈਂਸਿਕ ਸਬੂਤ ਮੌਜੂਦ ਹਨ ਤਾਂ ਇਨਕਾਰ ਜਾਂ ਟਾਲਮਟੋਲ ਦੀ ਕੋਈ ਗੁੰਜਾਇਸ਼ ਨਹੀਂ ਰਹਿੰਦੀ। ਬਾਜਵਾ ਨੇ ਕਿਹਾ ਕਿ ਪੰਜਾਬ ਅਤੇ ਦੁਨੀਆ ਭਰ ਦੇ ਸਿੱਖਾਂ ਵਿਚ ਭਾਰੀ ਰੋਸ ਦੇ ਬਾਵਜੂਦ ਅਤੀਸ਼ੀ ਮਾਰਲੇਨਾ ਵੱਲੋਂ ਨਾ ਕੋਈ ਸਪੱਸ਼ਟੀਕਰਨ ਆਇਆ ਅਤੇ ਨਾ ਹੀ ਮਾਫ਼ੀ ਮੰਗੀ ਗਈ। ਉਨ੍ਹਾਂ ਕਿਹਾ ਕਿ ਇਹ ਚੁੱਪੀ ਨੈਤਿਕ ਜ਼ਿੰਮੇਵਾਰੀ ਦੀ ਘਾਟ ਨੂੰ ਦਰਸਾਉਂਦੀ ਹੈ।
ਬਾਜਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਇਸ ਮਾਮਲੇ ਵਿਚ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਲਈ ਫੌਜਦਾਰੀ ਕੇਸ ਦਰਜ ਕੀਤਾ ਜਾਵੇ, ਬਿਨਾਂ ਕਿਸੇ ਸ਼ਰਤ ਦੇ ਜਨਤਕ ਮੁਆਫੀ ਮੰਗੀ ਜਾਵੇ ਅਤੇ ਅਤੀਸ਼ੀ ਮਾਰਲੇਨਾ ਨੂੰ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ। ਨਾਲ ਹੀ, ਆਮ ਆਦਮੀ ਪਾਰਟੀ ਦੀ ਨੇਤ੍ਰਿਤਵ ਨੂੰ ਵੀ ਇਸ ਮਾਮਲੇ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਜਲੰਧਰ ਵਿੱਚ ਵਿਰੋਧੀ ਨੇਤਾਵਾਂ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ, ਕਿਉਂਕਿ ਜਿਸ ਸਮੱਗਰੀ ਨੂੰ ਸਾਂਝਾ ਕਰਨ ਲਈ ਇਹ ਐਫਆਈਆਰ ਦਰਜ ਕੀਤੀ ਗਈ ਸੀ, ਉਹ ਹੁਣ ਦਿੱਲੀ ਵਿਧਾਨ ਸਭਾ ਵੱਲੋਂ ਅਧਿਕਾਰਿਕ ਤੌਰ ’ਤੇ ਪ੍ਰਮਾਣਿਤ ਹੋ ਚੁੱਕੀ ਹੈ। ਬਾਜਵਾ ਨੇ ਚੇਤਾਵਨੀ ਦਿੱਤੀ ਕਿ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਲਈ ਰਾਜ ਦੀ ਮਸ਼ੀਨਰੀ ਦੀ ਵਰਤੋਂ ਕਰਨਾ ਅਤੇ ਦੋਸ਼ੀਆਂ ਨੂੰ ਬਚਾਉਣਾ ਲੋਕਤੰਤਰ ਅਤੇ ਕਾਨੂੰਨ ਦੀ ਬਰਾਬਰੀ ’ਤੇ ਸਿੱਧਾ ਹਮਲਾ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਸਿੱਖ ਸਮਾਜ ਆਪਣੇ ਗੁਰੂਆਂ ਦੇ ਅਪਮਾਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਅਤੇ ਇਨਸਾਫ਼ ਵਿੱਚ ਕਿਸੇ ਵੀ ਤਰ੍ਹਾਂ ਦੀ ਦੇਰੀ ਜਾਂ ਇਨਕਾਰ ਅਸਵੀਕਾਰਯੋਗ ਹੈ।
