ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ ਹੇਠ 4 ਮਹਿਲਾ ਸਬ-ਇੰਸਪੈਕਟਰ ਮੁਅੱਤਲ

Tuesday, Aug 20, 2019 - 05:19 PM (IST)

ਡਿਊਟੀ 'ਚ ਕੁਤਾਹੀ ਵਰਤਣ ਦੇ ਦੋਸ਼ ਹੇਠ 4 ਮਹਿਲਾ ਸਬ-ਇੰਸਪੈਕਟਰ ਮੁਅੱਤਲ

ਫਤਿਹਗੜ੍ਹ ਸਾਹਿਬ (ਵਿਪਨ)—ਫਤਿਹਗੜ੍ਹ ਸਾਹਿਬ 'ਚ ਐੱਸ.ਐੱਸ.ਪੀ. ਅਮਨੀਤ ਕੌਂਡਲ ਵਲੋਂ ਡਿਊਟੀ 'ਚ ਕੁਤਾਹੀ ਵਰਤਣ ਵਾਲੀਆਂ 4 ਮਹਿਲਾ ਸਬ-ਇੰਸਪੈਕਟਰ ਮੁਅੱਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਵਧੀਆ ਡਿਊਟੀ ਕਰਨ ਵਾਲੀ ਸਬ-ਇੰਸਪੈਕਟਰ ਗੁਰਦੀਪ ਕੌਰ ਨੂੰ 5 ਹਜ਼ਾਰ ਰੁਪਏ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਐੱਸ.ਐੱਸ.ਪੀ. ਅਮਨੀਤ ਕੌਂਡਲ ਵਲੋਂ ਵਧੀਆ ਡਿਊਟੀ ਕਰਨ ਵਾਲੀ ਸਬ-ਇੰਸਪੈਕਟਰ ਗੁਰਦੀਪ ਕੌਰ ਸਨਮਾਨਿਤ ਕਰਨ ਸਮੇਂ ਦੱਸਿਆ ਕਿ ਕੁਤਾਹੀ ਦੇ ਦੋਸ਼ ਹੇਠ ਮੁਅੱਤਲ ਕਰਕੇ ਲਾਈਨ ਹਾਜ਼ਰ ਕੀਤਾ ਗਿਆ ਹੈ। 

ਇਸ ਸਬੰਧੀ ਵਿਭਾਗੀ ਪੜਤਾਲ ਐੱਸ.ਪੀ. (ਹੈੱਡਕੁਆਰਟ) ਸ. ਨਵਨੀਤ ਸਿੰਘ ਨੂੰ ਸੌਂਪ ਕੇ ਇਕ ਮਹੀਨੇ 'ਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਇਨ੍ਹਾਂ ਸਬ-ਇੰਸਪੈਕਟਰਾਂ ਦੀ ਡਿਊਟੀ ਇਨ੍ਹਾਂ ਦੀਆਂ ਸਬ-ਡਿਵੀਜ਼ਨਾਂ 'ਚ ਬੱਚਿਆਂ ਤੇ ਮਹਿਲਾਵਾਂ ਖਿਲਾਫ ਜੁਰਮਾਂ ਸਬੰਧੀ ਲਗਾਈ ਹੋਈ ਸੀ। ਅੱਜ ਇਕ ਮਹਿਲਾ ਸਬੰਧੀ ਥਾਣਾ ਫ਼ਤਹਿਗੜ੍ਹ ਸਾਹਿਬ ਵਿਖੇ ਕਾਰਵਾਈ ਕੀਤੀ ਜਾਣੀ ਸੀ। ਜਦੋਂ ਇਕ ਇਕ ਕਰਕੇ ਇਨ੍ਹਾਂ ਚਾਰਾਂ ਸਬ-ਇੰਸਪੈਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇਹ ਚਾਰੇ ਆਪਣੀ ਡਿਊਟੀ  'ਤੇ ਹਾਜ਼ਰ ਨਹੀਂ ਸਨ ਤੇ ਬਿਨਾਂ ‌ਕਿਸੇ ਛੁੱਟੀ ਜਾਂ ਪ੍ਰਵਾਨਗੀ ਤੋਂ ਸਟੇਸ਼ਨ ਛੱਡ ਕੇ ਬਾਹਰ ਗਈਆਂ ਹੋਈਆਂ ਸਨ।

ਜ਼ਿਲਾ ਪੁਲਸ ਮੁਖੀ ਨੇ ਦੱਸਿਆ ਸੰਭਾਵੀ ਹੜ੍ਹਾਂ ਦੇ ਖਤਰੇ ਅਤੇ ਜੰਮੂ-ਕਸ਼ਮੀਰ ਦੇ ਹਾਲਾਤ ਦੇ ਮੱਦੇਨਜ਼ਰ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਬਿਨਾਂ ਇਜਾਜ਼ਤ ਸਟੇਸ਼ਨ ਨਾ ਛੱਡਣ ਦੀਆਂ ਹਦਾਇਤਾਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਦੀ ਇਨ੍ਹਾਂ ਵੱਲੋਂ ਪਾਲਣਾ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਡਿਊਟੀ ਸਬੰਧੀ ਕਿਸੇ ਕਿਸਮ ਦੀ ਅਣਗਿਹਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਦੂਜੇ ਪਾਸੇ ਵੂਮੈਨ ਸੈੱਲ ਦੀ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਕੌਰ ਨੇ ਫੌਰੀ ਰਿਪੋਰਟ ਕਰਕੇ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ, ਜਿਸ ਲਈ ਉਸ ਦਾ ਨਕਦ ਇਨਾਮ ਅਤੇ ਕਮੈਂਡੇਸ਼ਨ ਸਰਟੀਫਿਕੇਟ-ਕਲਾਸ 1 ਨਾਲ ਸਨਮਾਨ ਕੀਤਾ ਜਾਵੇਗਾ। ਗੁਰਦੀਪ ਕੌਰ ਪਹਿਲਾਂ ਵੀ ਆਪਣੀ ਪੂਰੀ ਇਮਾਨਦਾਰੀ ਤੇ ਸ਼ਿੱਦਤ ਨਾਲ ਨਿਭਾਉਂਦੀ ਹੈ।


author

Shyna

Content Editor

Related News