ਜਲੰਧਰ ਵੀ ਪਹੁੰਚੀ 'ਅਗਨੀਪਥ' ਯੋਜਨਾ ਦੀ ਅੱਗ, ਵਿਦਿਆਰਥੀਆਂ ਨੇ PAP ਚੌਂਕ ਜਾਮ ਕਰਕੇ ਕੀਤਾ ਪ੍ਰਦਰਸ਼ਨ

06/18/2022 1:41:46 PM

ਜਲੰਧਰ (ਵੈੱਬ ਡੈਸਕ, ਮਹੇਸ਼)— ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਦਾ ਜਲੰਧਰ ’ਚ ਵੀ ਵਿਰੋਧ ਵੇਖਣ ਨੂੰ ਮਿਲਿਆ ਹੈ। ਅਗਨੀਪਥ ਯੋਜਨਾ ਦੇ ਵਿਰੋਧ ਵਿਚ ਪੀ. ਏ. ਪੀ. ਚੌਂਕ ਨੇੜੇ ਵਿਦਿਆਰਥੀਆਂ ਵੱਲੋਂ ਜਾਮ ਲਗਾਇਆ ਗਿਆ ਹੈ। ਜਲੰਧਰ-ਲੁਧਿਆਣਾ ਹਾਈਵੇਅ ਜਾਮ ਕਰਕੇ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ। ਮੌਕੇ ’ਤੇ ਵੱਡੀ ਗਿਣਤੀ ’ਚ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। 

PunjabKesari

ਅਗਨੀਪਥ ਯੋਜਨਾ ਦੇ ਵਿਰੋਧ ਵਿਚ ਸੈਂਕੜੇ ਨੌਜਵਾਨਾਂ ਨੇ ਸ਼ਨੀਵਾਰ ਸਵੇਰੇ 11 ਵਜੇ ਦੇ ਲਗਭਗ ਪੀ. ਏ. ਪੀ. ਚੌਕ ਨਜ਼ਦੀਕ ਭੂਰ ਮੰਡੀ ਦੇ ਸਾਹਮਣੇ ਸਰਵਿਸ ਲੇਨ ’ਤੇ ਧਰਨਾ ਲਾ ਕੇ 6 ਘੰਟੇ ਨੈਸ਼ਨਲ ਹਾਈਵੇ ਨੂੰ ਪੂਰੀ ਤਰ੍ਹਾਂ ਜਾਮ ਰੱਖਿਆ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਹਾਈਵੇਅ ਦੇ ਦੋਵੇਂ ਪਾਸੇ ਬਣੀ ਸਰਵਿਸ ਲੇਨ ਨੂੰ ਵੀ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਸੀ। ਉਥੇ ਵੀ ਲੋਕਾਂ ਦੇ ਆਉਣ-ਜਾਣ ’ਤੇ ਮੁਕੰਮਲ ਰੋਕ ਲਾਈ ਗਈ ਸੀ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੀ ਗਿਣਤੀ ਵਿਚ ਕਮਿਸ਼ਨਰੇਟ ਪੁਲਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੁਲਸ ਨੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਨੂੰ ਸ਼ਾਂਤ ਕਰਦਿਆਂ ਧਰਨਾ ਖ਼ਤਮ ਕਰਵਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ। ਪੁਲਸ ਦੀ ਸਖ਼ਤੀ ਨੂੰ ਵੇਖਦਿਆਂ ਪ੍ਰਦਰਸ਼ਨਕਾਰੀਆਂ ਵੱਲੋਂ ਪ੍ਰਦਰਸ਼ਨ ਨੂੰ ਹੋਰ ਤੇਜ਼ ਕਰ ਦਿੱਤਾ ਗਿਆ। ਜਲੰਧਰ ਤੋਂ ਫਗਵਾੜਾ, ਲੁਧਿਆਣਾ ਅਤੇ ਫਗਵਾੜਾ ਤੋਂ ਜਲੰਧਰ, ਪਠਾਨਕੋਟ ਅਤੇ ਅੰਮ੍ਰਿਤਸਰ ਨੂੰ ਜਾਣ ਵਾਲੇ ਵਾਹਨਾਂ ਨੂੰ ਧਰਨੇ ਦੀ ਸਮਾਪਤੀ ਤੱਕ ਹਾਈਵੇ ’ਤੇ ਹੀ ਲਾ ਕੇ ਡਰਾਈਵਰਾਂ ਨੂੰ ਇੰਤਜ਼ਾਰ ਕਰਨਾ ਪਿਆ।

ਇਹ ਵੀ ਪੜ੍ਹੋ: ਜਲੰਧਰ: ਕੰਪਨੀ ਬਾਗ ਚੌਂਕ ਨੇੜੇ ਮਸ਼ਹੂਰ ਮਠਿਆਈਆਂ ਦੀ ਦੁਕਾਨ ’ਤੇ GST ਦੇ ਮੋਬਾਇਲ ਵਿੰਗ ਵੱਲੋਂ ਛਾਪੇਮਾਰੀ

PunjabKesari

ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ 2 ਸਾਲ ਪਹਿਲਾਂ ਜਲੰਧਰ ਕੈਂਟ ਵਿਚ ਹੋਈ ਭਰਤੀ ਦੌਰਾਨ ਪ੍ਰੀਖਿਆ ਦਿੱਤੀ ਸੀ, ਜਿਸ ਵਿਚ ਉਨ੍ਹਾਂ ਸਰੀਰਕ ਟੈਸਟ ਅਤੇ ਮੈਡੀਕਲ ਟੈਸਟ ਪਾਸ ਕਰ ਲਿਆ ਸੀ। ਅੱਜ 2 ਸਾਲ ਬੀਤਣ ਤੋਂ ਬਾਅਦ ਵੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਲਿਖਤੀ ਟੈਸਟ ਨਹੀਂ ਲਿਆ ਗਿਆ। ਉਨ੍ਹਾਂ ਦੀ ਭਰਤੀ ਦੀ ਉਮਰ ਨਿਕਲਦੀ ਜਾ ਰਹੀ ਹੈ। ਹੁਣ ਕੇਂਦਰ ਵੱਲੋਂ ਬਣਾਈ ਅਗਨੀਪਥ ਯੋਜਨਾ ਨਾਲ ਉਨ੍ਹਾਂ ਦੀ ਮਿਹਨਤ ਬਿਲਕੁਲ ਬੇਕਾਰ ਹੋ ਗਈ ਹੈ। ਹੁਣ ਉਨ੍ਹਾਂ ਨੂੰ ਦੁਬਾਰਾ ਭਰਤੀ ਲਈ ਟੈਸਟ ਦੇਣ ਨੂੰ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 20 ਜੂਨ ਨੂੰ ਉਹ ਦਿੱਲੀ ਜਾ ਕੇ ਕੇਂਦਰ ਸਰਕਾਰ ਦੀ ਇਸ ਯੋਜਨਾ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕਰਨਗੇ। ਸ਼ਾਮੀਂ 5 ਵਜੇ ਜਾਮ ਖੁੱਲ੍ਹਣ ’ਤੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੀ ‘ਅਗਨੀਪਥ ਭਰਤੀ ਯੋਜਨਾ’ ਨੂੰ ਲੈ ਕੇ ਦੇਸ਼ ਭਰ ਦੇ ਕਈ ਸੂਬਿਆਂ ’ਚ ਉਬਾਲ ਹੈ। ਇਸ ਯੋਜਨਾ ਨੂੰ ਲੈ ਕੇ ਨੌਜਵਾਨ, ਸਰਕਾਰ ਖ਼ਿਲਾਫ਼ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਤਿੰਨਾਂ ਸੈਨਾਵਾਂ ’ਚ ਭਰਤੀ ਲਈ ਅਗਨੀਪਥ ਯੋਜਨਾ ਦਾ ਐਲਾਨ ਕੀਤਾ ਹੈ। ਫ਼ੌਜ ਵਿਚ ਅਗਨੀਪਥ ਯੋਜਨਾ ਤਹਿਤ ਅਗਨੀਵੀਰਾਂ ਨੂੰ 4 ਸਾਲ ਲਈ ਭਰਤੀ ਕੀਤਾ ਜਾਣਾ ਹੈ। ਅਸਾਮ ਰਾਈਫਲਜ਼ ਅਤੇ CAPF ਦੀ ਭਰਤੀ ਵਿਚ ਅਗਨੀਵੀਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਯੋਜਨਾ ਤਹਿਤ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਅਗਨੀਵੀਰ ਨਾਂ ਦਿੱਤਾ ਜਾਵੇਗਾ।

PunjabKesari

ਇਨ੍ਹਾਂ ’ਚੋਂ 25 ਫ਼ੀਸਦੀ ਅਗਨੀਵੀਰਾਂ ਨੂੰ ਫ਼ੌਜ ਦੇ ਸਥਾਈ ਕੇਡਰ ਵਿਚ ਭਰਤੀ ਕੀਤਾ ਜਾਵੇਗਾ। ਯੋਜਨਾ ਮੁਤਾਬਕ 75 ਫ਼ੀਸਦੀ ਅਗਨੀਵੀਰਾਂ ਨੂੰ 4 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਸੇਵਾ ਤੋਂ ਮੁਕਤ ਕਰ ਦਿੱਤਾ ਜਾਵੇਗਾ। 4 ਸਾਲ ਦੀ ਸੇਵਾ ਤੋਂ ਬਾਅਦ ਅਗਨੀਵੀਰ ਕੀ ਕਰੇਗਾ, ਇਹ ਯੋਜਨਾ ਦਾ ਐਲਾਨ ਹੋਣ ਦੇ ਦਿਨ ਤੋਂ ਹੀ ਵੱਡਾ ਸਵਾਲ ਬਣਿਆ ਹੋਇਆ ਹੈ।  

PunjabKesari

ਇਹ ਵੀ ਪੜ੍ਹੋ:  ਗੈਂਗਸਟਰ ਕਲਚਰ ਪੁਰਾਣੀਆਂ ਸਰਕਾਰਾਂ ਦੀ ਦੇਣ, ਖ਼ਤਮ ਅਸੀਂ ਕਰਾਂਗੇ: ਭਗਵੰਤ ਮਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News