ਲੁਧਿਆਣਾ ਦੀ ਯੂਨੀਵਰਸਿਟੀ ਬਣੀ ਜੰਗ ਦਾ ਮੈਦਾਨ, ਵਿਦਿਆਰਥੀਆਂ 'ਚ ਚੱਲੇ ਤੇਜ਼ਧਾਰ ਹਥਿਆਰ
Saturday, Nov 19, 2022 - 03:22 PM (IST)
ਲੁਧਿਆਣਾ : ਲੁਧਿਆਣਾ 'ਚ ਮੁੱਲਾਂਪੁਰ ਰੋਡ 'ਤੇ ਬਣੀ ਇੱਕ ਯੂਨੀਵਰਸਿਟੀ ਦੇ ਵਿਦਿਆਰਥੀ ਆਪਸ 'ਚ ਭਿੜ ਗਏ। ਇਸ ਖੂਨੀ ਝੜਪ ਦੇ ਕਾਰਨ 4-5 ਦੇ ਕਰੀਬ ਵਿਦਿਆਰਥੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਯੂਨੀਵਰਸਿਟੀ ਵੱਲੋਂ ਡਿਗਰੀ ਵੰਡ ਸਮਾਰੋਹ ਦੀ ਪੋਸਟ ਸੋਸ਼ਲ ਮੀਡੀਆ 'ਤੇ ਪਾਈ ਗਈ ਸੀ। ਇਸ 'ਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਨੇ ਕੁਮੈਂਟ ਕੀਤਾ ਕਿ ਇਹ ਪੋਸਟ ਸਹੀ ਨਹੀਂ ਹੈ। ਇਸ ਗੱਲ ਦਾ ਵਿਰੋਧ ਯੂਨੀਵਰਸਿਟੀ ਦੇ ਮੌਜੂਦਾ ਵਿਦਿਆਰਥੀਆਂ ਵੱਲੋਂ ਕੀਤਾ ਗਿਆ। ਯੂਨੀਵਰਸਿਟੀ 'ਚ ਡਿਗਰੀ ਵੰਡ ਸਮਾਰੋਹ ਦੌਰਾਨ ਵਿਦਿਆਰਥੀ ਡਿਗਰੀ ਲੈਣ ਆਏ ਸਨ।
ਉਨ੍ਹਾਂ ਦੀ ਆਪਣੇ ਜੂਨੀਅਰਾਂ ਨਾਲ ਬਹਿਸਬਾਜ਼ੀ ਹੋ ਗਈ। ਗੱਲ ਇੰਨੀ ਵੱਧ ਗਈ ਕਿ ਜੂਨੀਅਰ ਵਿਦਿਆਰਥੀਆਂ ਨੇ ਤੇਜ਼ਧਾਰ ਹਥਿਆਰ ਅਤੇ ਬੇਸਬਾਲਾਂ ਨਾਲ ਡਿਗਰੀ ਲੈਣ ਆਏ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। ਦੇਖਦੇ ਹੀ ਦੇਖਦੇ ਯੂਨੀਵਰਸਿਟੀ ਜੰਗ ਦਾ ਮੈਦਾਨ ਬਣ ਗਈ। ਦੋਹਾਂ ਧਿਰਾਂ 'ਚ ਖੂਨੀ ਝੜਪ ਹੋ ਗਈ। ਇਸ ਦੌਰਾਨ 4 ਪੁਰਾਣੇ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖਮੀਆਂ ਦੀ ਪਛਾਣ ਜਾਨੂ ਸ਼ਰਮਾ, ਗੌਰਵ, ਮਨਜੀਤ ਮੱਟੂ ਅਤੇ ਗੁਰਸ਼ਰਨ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਰਾਲੀ ਦੇ ਨਿਪਟਾਰੇ ਲਈ ਹਰ ਪਿੰਡ 'ਚ ਮੁਹੱਈਆ ਕਰਵਾਈ ਜਾਵੇਗੀ ਮਸ਼ੀਨਰੀ
ਜ਼ਖਮੀ ਵਿਦਿਆਰਥੀਆਂ ਦਾ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ ਹੈ। ਇਸ ਮਾਮਲੇ 'ਚ ਚੌਂਕੀ ਚੌਕੀਮਾਨ ਦੀ ਪੁਲਸ ਨੂੰ ਸ਼ਿਕਾਇਤ ਲਿਖਵਾਉਣ ਗਏ ਵਿਦਿਆਰਥੀਆਂ ਦੀ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇੰਚਾਰਜ ਰਣਧੀਰ ਸਿੰਘ ਨੇ ਵਿਦਿਆਰਥੀਆਂ ਨੂੰ ਕਰੀਬ 1 ਘੰਟਾ ਜ਼ਖਮੀ ਹਾਲਤ 'ਚ ਹੀ ਬਿਠਾਈ ਰੱਖਿਆ। ਇਕ ਵਿਦਿਆਰਥੀ ਨੇ ਦੱਸਿਆ ਕਿ ਉਹ ਲੁਧਿਆਣਾ ਦੇ ਰਹਿਣ ਵਾਲੇ ਹਨ ਪਰ ਚੌਂਕੀ ਇੰਚਾਰਜ ਨੇ ਉਨ੍ਹਾਂ ਦੀ ਸ਼ਿਕਾਇਤ ਤੱਕ ਨਹੀਂ ਲਿਖੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ