ਛੱਤਬੀੜ ਚਿੜੀਆਘਰ ’ਚ ਸਰਦੀਆਂ ਦੀ ਧੁੱਪ ਬਣੀ ਜਾਨਵਰਾਂ ਲਈ ਵੱਡੀ ਰਾਹਤ
Wednesday, Feb 04, 2026 - 02:08 PM (IST)
ਜ਼ੀਰਕਪੁਰ (ਧੀਮਾਨ) : ਸਰਦੀਆਂ ਦੀ ਠੰਡ ਦੇ ਚੱਲਦਿਆਂ ਜਾਨਵਰਾਂ ਦੀ ਰੋਜ਼ਾਨਾ ਜ਼ਿੰਦਗੀ ’ਚ ਸਪੱਸ਼ਟ ਤਬਦੀਲੀ ਵੇਖਣ ਨੂੰ ਮਿਲ ਰਹੀ ਹੈ। ਸਵੇਰੇ ਜਦੋਂ ਧੁੰਦ ਅਤੇ ਠੰਡੀ ਹਵਾ ਚੱਲਦੀ ਹੈ, ਉਸ ਵੇਲੇ ਜਾਨਵਰ ਘੱਟ ਸਰਗਰਮ ਰਹਿੰਦੇ ਹਨ ਪਰ ਜਿਵੇਂ ਹੀ ਧੁੱਪ ਨਿਕਲਦੀ ਹੈ, ਚਿੜੀਆ ਘਰ ਦੇ ਖੁੱਲ੍ਹੇ ਬਾੜਿਆਂ ’ਚ ਬਾਘ, ਸ਼ੇਰ, ਹਾਥੀ ਅਤੇ ਹੋਰ ਜਾਨਵਰ ਧੁੱਪ ਸੇਕਦੇ ਨਜ਼ਰ ਆਉਂਦੇ ਹਨ। ਚਿੜੀਆਘਰ ’ਚ ਅਕਸਰ ਦੇਖਿਆ ਜਾ ਰਿਹਾ ਹੈ ਕਿ ਬਾਘ ਅਤੇ ਸ਼ੇਰ ਧੁੱਪ ਵਾਲੀ ਜਗ੍ਹਾ ’ਤੇ ਲੰਮੇ ਪੈ ਕੇ ਆਰਾਮ ਕਰ ਰਹੇ ਹਨ। ਹਾਥੀ, ਨੀਲ ਗਊ ਅਤੇ ਹੋਰ ਵੱਡੇ ਸ਼ਾਕਾਹਾਰੀ ਜਾਨਵਰ ਵੀ ਧੁੱਪ ’ਚ ਖੜ੍ਹ ਕੇ ਜਾਂ ਬੈਠ ਕੇ ਗਰਮੀ ਲੈ ਰਹੇ ਹਨ। ਇਹ ਦ੍ਰਿਸ਼ ਸਾਫ਼ ਕਰਦਾ ਹੈ ਕਿ ਸਰਦੀਆਂ ’ਚ ਧੁੱਪ ਜਾਨਵਰਾਂ ਲਈ ਬਹੁਤ ਜ਼ਰੂਰੀ ਹੁੰਦੀ ਹੈ।
ਮਾਹਰਾਂ ਮੁਤਾਬਕ ਸਰਦ ਮੌਸਮ ’ਚ ਜਾਨਵਰ ਧੁੱਪ ਸੇਕ ਕੇ ਆਪਣੇ ਸਰੀਰ ਨੂੰ ਗਰਮ ਰੱਖਦੇ ਹਨ। ਇਸ ਨਾਲ ਉਨ੍ਹਾਂ ਦੀ ਊਰਜਾ ਬਚਦੀ ਹੈ ਤੇ ਠੰਡ ਕਾਰਨ ਹੋਣ ਵਾਲੀ ਥਕਾਵਟ ਘੱਟ ਹੁੰਦੀ ਹੈ। ਜਦੋਂ ਜਾਨਵਰ ਆਰਾਮ ਕਰਦੇ ਹਨ ਤਾਂ ਇਹ ਉਨ੍ਹਾਂ ਦੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਆਰਾਮ ਕਰਨਾ ਜਾਨਵਰਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਹੈ ਨਾ ਕਿ ਕੋਈ ਕਮਜ਼ੋਰੀ। ਛੱਤਬੀੜ ਚਿੜੀਆਘਰ ਪ੍ਰਬੰਧਨ ਵੱਲੋਂ ਵੀ ਸਰਦੀਆਂ ਨੂੰ ਧਿਆਨ ’ਚ ਰੱਖਦੇ ਹੋਏ ਜਾਨਵਰਾਂ ਦੀ ਸੰਭਾਲ ਕੀਤੀ ਜਾ ਰਹੀ ਹੈ।
ਬਾੜਿਆਂ ’ਚ ਅਜਿਹੀਆਂ ਥਾਵਾਂ ਰੱਖੀਆਂ ਗਈਆਂ ਹਨ, ਜਿੱਥੇ ਜਾਨਵਰ ਖੁੱਲ੍ਹੀ ਧੁੱਪ ਲੈ ਸਕਣ। ਨਾਲ ਹੀ ਠੰਡ ਤੋਂ ਬਚਾਅ ਲਈ ਹੋਰ ਲੋੜੀਂਦੇ ਇੰਤਜ਼ਾਮ ਵੀ ਕੀਤੇ ਗਏ ਹਨ ਤਾਂ ਜੋ ਜਾਨਵਰ ਸੁਰੱਖਿਅਤ ਅਤੇ ਸੁਖੀ ਰਹਿ ਸਕਣ। ਚਿੜੀਆਘਰ ਆਉਣ ਵਾਲੇ ਦਰਸ਼ਕਾਂ ਲਈ ਵੀ ਇਹ ਦਿਨ ਖ਼ਾਸ ਹਨ। ਬੱਚੇ ਅਤੇ ਵੱਡੇ ਜਦੋਂ ਜਾਨਵਰਾਂ ਨੂੰ ਧੁੱਪ ਸੇਕਦੇ ਅਤੇ ਆਰਾਮ ਕਰਦੇ ਦੇਖਦੇ ਹਨ ਤਾਂ ਉਨ੍ਹਾਂ ਨੂੰ ਜਾਨਵਰਾਂ ਦੀ ਅਸਲ ਜ਼ਿੰਦਗੀ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਇਹ ਨਜ਼ਾਰੇ ਇਹ ਗੱਲ ਸਾਫ਼ ਕਰਦੇ ਹਨ ਕਿ ਆਰਾਮ ਕਰਨਾ ਕੋਈ ਆਲਸ ਨਹੀਂ, ਸਗੋਂ ਜਿਊਣ ਅਤੇ ਤੰਦਰੁਸਤ ਰਹਿਣ ਲਈ ਬਹੁਤ ਜ਼ਰੂਰੀ ਹੈ।
