PSEB ਦੇ ਤਹਿਤ 5ਵੀਂ ਤੇ 8ਵੀਂ ਦੇ ਵਿਦਿਆਰਥੀ ਬਿਨ੍ਹਾਂ ਫੀਸ ਵਿਸ਼ੇ ''ਚ ਕਰਵਾ ਸਕਦੇ ਹਨ ਸੋਧ

Tuesday, Jan 14, 2020 - 08:32 PM (IST)

ਪਟਿਆਲਾ, (ਪ੍ਰਤਿਭਾ)— ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਹਿਤ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੁਣ ਬਿਨ੍ਹਾਂ ਫੀਸ 13 ਤੋਂ 20 ਜਨਵਰੀ ਤੱਕ ਵਿਸ਼ੇ 'ਚ ਸੋਧ ਕਰ ਸਕਦੇ ਹਨ। ਇਸ ਲਈ ਬੋਰਡ ਵਲੋਂ ਇਕ ਵਿਸ਼ੇਸ਼ ਮੌਕਾ ਦਿੱਤਾ ਜਾ ਰਿਹਾ ਹੈ, ਉਥੇ ਖਾਸ ਗੱਲ ਇਹ ਹੈ ਕਿ ਇਸ ਸੋਧ ਨੂੰ ਸਕੂਲ ਪੱਧਰ 'ਤੇ ਕਰਵਾਇਆ ਜਾ ਸਕਦਾ ਹੈ। ਯਾਨੀ ਸੋਧ ਦੀ ਫਾਈਨਲ ਸਬਮਿਸ਼ਨ ਸਕੂਲ ਪੱਧਰ 'ਤੇ ਹੀ ਹੋਵੇਗੀ ਅਤੇ ਇਸ ਸੋਧ ਨੂੰ ਵੈਰੀਫਾਈ ਵੀ ਸਕੂਲ ਪੱਧਰ 'ਤੇ ਕੀਤਾ ਜਾ ਸਕਦਾ ਹੈ। ਵਿਵਰਣਾਂ 'ਚ ਸੋਧ ਦਫ਼ਤਰੀ ਪੱਧਰ 'ਤੇ ਬਣਦੀ ਫੀਸ 200 ਰੁਪਏ ਪ੍ਰਤੀ ਸੋਧ ਤੇ ਵਿਸ਼ੇ ਜਾਂ ਵਿਸ਼ਿਆਂ 'ਚ ਸੋਧ 2 ਹਜ਼ਾਰ ਰੁਪਏ ਪ੍ਰਤੀ ਵਿਸ਼ੇ ਨਾਲ 21 ਜਨਵਰੀ ਤੋਂ 17 ਫਰਵਰੀ ਤੱਕ ਕਰਵਾਈ ਜਾ ਸਕਦੀ ਹੈ। ਵਰਨਣਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਹਿਤ 5ਵੀਂ ਤੇ 8ਵੀਂ ਦੀਆਂ ਪ੍ਰੀਖਿਆਵਾਂ ਬੋਰਡ ਪ੍ਰੀਖਿਆਵਾਂ ਹਨ। ਇਸ ਲਈ ਜਿਹੜੇ ਵਿਦਿਆਰਥੀਆਂ ਨੇ ਵਿਸ਼ੇ 'ਚ ਜਾਂ ਫਿਰ ਖੁਦ ਨਾਲ ਜੁੜੇ ਕਿਸੇ ਵੀ ਵਿਵਰਣ 'ਚ ਕੋਈ ਸੋਧ ਕਰਵਾਉਣਾ ਚਾਹੁੰਦੇ ਹਨ ਤਾਂ ਉਸ ਲਈ ਬੋਰਡ ਨੇ ਖਾਸ ਮੌਕਾ ਦਿੱਤਾ ਹੈ। ਇਸ ਦੇ ਤਹਿਤ ਉਹ 13 ਤੋਂ 20 ਜਨਵਰੀ ਤੱਕ ਵਿਸ਼ੇ, ਵਿਵਰਣ 'ਚ ਸੋਧ ਕਰਵਾ ਸਕਦੇ ਹਨ। ਇਸ ਦੇ ਨਾਲ ਜ਼ਰੂਰੀ ਜਾਣਕਾਰੀ ਸਬੰਧਤ ਅਧਿਆਪਕ ਜਾਂ ਸਕੂਲ ਪ੍ਰਮੁੱਖ ਤੋਂ ਪ੍ਰਾਪਤ ਕਰ ਸਕਦੇ ਹਨ।

ਵਿਵਰਣਾਂ-ਵਿਸ਼ੇ ਤੇ ਵਿਸ਼ਿਆਂ ਵਿਚ ਸੋਧ
ਵਿਦਿਆਰਥੀ ਵਲੋਂ ਜੋ ਵੀ ਸੋਧ ਕਰਵਾਈ ਜਾ ਰਹੀ ਹੈ, ਸਕੂਲ ਪ੍ਰਮੁੱਖ ਸਮੂਹ ਰਿਕਾਰਡ ਅਟੈਸਟ ਕਰਨ ਤੋਂ ਬਾਅਦ ਆਪਣੇ ਪਾਸ ਰੱਖਣਗੇ, ਉਥੇ ਕਰੈਕਸ਼ਨ ਵਾਲਾ ਪ੍ਰੋਫਾਰਮਾ ਸਕੂਲ ਪ੍ਰਮੁੱਖ ਅਟੈਸਟ ਕਰਨ ਤੋਂ ਬਾਅਦ ਬੋਰਡ ਦੇ ਮੁੱਖ ਦਫ਼ਤਰ 'ਚ 17 ਫਰਵਰੀ ਤੱਕ ਸਬੰਧਤ ਸ਼ਾਖਾ 'ਚ ਜਮ੍ਹਾ ਕਰਵਾ ਸਕਦੇ ਹਨ। ਇਸ ਤੋਂ ਇਲਾਵਾ ਸਕੂਲ ਦੇ ਨਾਮ 'ਚ ਸੋਧ ਸਕੂਲ ਦੇ ਲੈਟਰਪੈਡ 'ਤੇ ਸਕੂਲ ਦੀ ਮੋਹਰ ਲਗਾ ਕੇ ਸਕੂਲ ਪ੍ਰਮੁੱਖ ਤੋਂ ਅਟੈਸਟ ਕਰਵਾ ਕੇ ਐਫੀਲੀਏਸ਼ਨ ਸ਼ਾਖਾ ਨਾਲ ਸੰਪਰਕ ਕਰਨ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ।

5ਵੀਂ ਦਾ ਪ੍ਰਸ਼ਨ ਪੱਤਰ ਤੇ ਉੱਤਰ ਪੁਸਤਿਕਾ ਇਕੱਠੇ ਹੋਣਗੇ
ਉਥੇ ਬੋਰਡ ਵਲੋਂ ਇਸ ਵਾਰ 5ਵੀਂ ਤੇ 8ਵੀਂ ਕਲਾਸ ਦੇ ਪ੍ਰਸ਼ਨ ਪੱਤਰ ਤੇ ਉੱਤਰ ਪੁਸਤਿਕਾ ਨਾਲ ਸਬੰਧਤ ਪੈਟਰਨ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ। ਦੋਨੋ ਕਲਾਸਾਂ ਦੇ ਉੱਤਰ ਪੁਸਤਿਕਾ ਤੇ ਪ੍ਰਸ਼ਨ ਪੱਤਰ ਅਲੱਗ ਅਲੱਗ ਰੂਪ 'ਚ ਹੈ। ਬੋਰਡ ਦੇ ਅਨੁਸਾਰ 5ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਤੇ ਉੱਤਰ ਪੁਸਤਿਕਾ ਇਕ ਬੁਕਲੈਟ ਦੇ ਰੂਪ 'ਚ ਇਕੱਠੀ ਦਿੱਤੀ ਜਾਵੇਗੀ, ਜਦੋਂ ਕਿ 8ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਤੇ ਉੱਤਰ ਸ਼ੀਟ ਅਲੱਗ-ਅਲੱਗ ਦਿੱਤੇ ਜਾਣਗੇ। 8ਵੀਂ ਦੀ ਉੱਤਰ ਸ਼ੀਟ 'ਚ ਕੁੱਲ 16 ਪੇਜ ਹੋਣਗੇ ਅਤੇ ਇਸ ਦਾ ਸਾਈਜ਼ ਤੇ ਡਿਜ਼ਾਈਨ 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਉੱਤਰ ਸ਼ੀਟਾਂ ਵਾਲਾ ਹੀ ਹੋਵੇਗਾ।


KamalJeet Singh

Content Editor

Related News