7ਵੀਂ ਦੀ ਵਿਦਿਆਰਥਣ ਨੇ ਮੈਡਮ ਤੋਂ ਤੰਗ ਆ ਕੇ ਖਾ ਲਿਆ ਜ਼ਹਿਰ
Wednesday, Sep 17, 2025 - 04:40 PM (IST)

ਪਟਿਆਲਾ : ਪਟਿਆਲਾ ਦੇ ਇਕ ਨਿੱਜੀ ਸਕੂਲ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੋਂ ਦੀ 7ਵੀਂ ਜਮਾਤ ਦੀ ਇਕ 13 ਸਾਲਾ ਵਿਦਿਆਰਥਣ ਨੇ ਕਥਿਤ ਤੌਰ 'ਤੇ ਸਕੂਲ ਦੀ ਇਕ ਅਧਿਆਪਕਾ ਤੋਂ ਤੰਗ ਆ ਕੇ ਜ਼ਹਿਰ ਨਿਗਲ ਲਿਆ। ਵਿਦਿਆਰਥਣ ਇਸ ਵੇਲੇ ਪਟਿਆਲਾ ਦੇ ਸਹਾਰਾ ਹਸਪਤਾਲ ਵਿਚ ਜੇਰੇ ਇਲਾਜ ਹੈ। ਦੂਜੇ ਪਾਸੇ ਪੀੜਤ ਵਿਦਿਆਰਥਣ ਨੇ ਹਸਪਤਾਲ ਵਿਚ ਦੱਸਿਆ ਕਿ ਪਿਛਲੇ ਪੰਜ ਮਹੀਨਿਆਂ ਤੋਂ ਉਕਤ ਅਧਿਆਪਕਾ ਉਸਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕਰ ਰਹੀ ਸੀ।
ਜਾਣਕਾਰੀ ਅਨੁਸਾਰ ਵਿਦਿਆਰਥਣ ਨੇ ਤੰਗ ਕਰਨ ਵਾਲੀ ਮੈਡਮ ਵੱਲੋਂ ਕਲਾਸ ਵਿਚ ਫੋਨ ਵਰਤਣ ਦੀ ਸ਼ਿਕਾਇਤ ਕਿਸੇ ਦੂਜੀ ਮੈਡਮ ਨੂੰ ਕੀਤੀ ਸੀ, ਜਿਸ ਤੋਂ ਬਾਅਦ ਉਹ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਗਈ। ਇਸ ਕਥਿਤ ਪ੍ਰੇਸ਼ਾਨੀ ਤੋਂ ਤੰਗ ਆ ਕੇ ਵਿਦਿਆਰਥਣ ਨੇ ਇਹ ਖੌਫਨਾਕ ਕਦਮ ਚੁੱਕਿਆ ਅਤੇ ਜ਼ਹਿਰ ਪੀ ਲਿਆ। ਜਿਸ ਮਗਰੋਂ ਤੁਰੰਤ ਉਸ ਨੂੰ ਪਟਿਆਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਤੁਰੰਤ ਉਸ ਦਾ ਇਲਾਜ ਸ਼ੁਰੂ ਕੀਤਾ ਅਤੇ ਬੱਚੀ ਦੇ ਪੇਟ ਵਿੱਚੋਂ ਜ਼ਹਿਰ ਕੱਢਿਆ।