...ਤੇ ਹੁਣ ਸੜੀ ਪਰਾਲੀ ਤੋਂ ਬਣਨਗੀਆਂ ਇੱਟਾਂ ਤੇ ਸਾਬਣ!
Saturday, Nov 10, 2018 - 04:33 PM (IST)

ਚੰਡੀਗੜ੍ਹ (ਮਨਮੋਹਨ) : ਪਰਾਲੀ ਸਾੜਨ ਕਾਰਨ ਪੈਦਾ ਹੋਣ ਵਾਲਾ ਪ੍ਰਦੂਸ਼ਣ ਇਕ ਵੱਡੀ ਸਮੱਸਿਆ ਬਣੀ ਹੋਈ ਹੈ ਪਰ ਹੁਣ ਇਸ ਸੜੀ ਹੋਈ ਪਰਾਲੀ ਨਾਲ ਕੋਈ ਪ੍ਰਦੂਸ਼ਣ ਪੈਦਾ ਨਹੀਂ ਹੋਵੇਗਾ। ਅਸਲ 'ਚ ਹੁਣ ਇਹ ਸੜੀ ਹੋਈ ਪਰਾਲੀ ਇੱਟਾਂ, ਕੱਪੜੇ ਧੋਣ ਵਾਲਾ ਸਾਬਣ ਅਤੇ ਡਿਟਰਜੈਂਟ ਤਿਆਰ ਕਰੇਗੀ। 2 ਸਾਲਾਂ ਦੀ ਲੰਬੀ ਰਿਸਰਚ ਤੋਂ ਬਾਅਦ 'ਇੰਸਟੀਚਿਊਟ ਆਫ ਨੈਨੋ ਸਾਇੰਸ ਐਂਡ ਟੈਕਨਾਲੋਜੀ' ਮੋਹਾਲੀ ਦੀ ਵਿਗਿਆਨੀ ਡਾ. ਮੇਨਕਾ ਝਾਅ ਅਤੇ ਡਾ. ਦੀਪਾ ਘੋਸ਼ ਨੇ ਅਜਿਹੀ ਤਕਨੀਕ ਤਿਆਰ ਕੀਤੀ ਹੈ, ਜਿਸ ਤੋਂ ਪਰਾਲੀ ਨਾਲ ਇੱਟਾਂ, ਸਾਬਣ ਅਤੇ ਡਿਟਰਜੈਂਟ ਬਣਾਇਆ ਜਾਵੇਗਾ। ਇਹ ਖੋਜ ਕਰਨ ਦਾ ਮੁੱਖ ਮਕਸਦ ਪੰਜਾਬ ਅਤੇ ਹਰਿਆਣਾ 'ਚ ਸਾੜੀ ਜਾ ਰਹੀ ਪਰਾਲੀ 'ਤੇ ਰੋਕ ਲਾਉਣਾ ਹੈ ਤਾਂ ਜੋ ਹਵਾ 'ਚ ਫੈਲਣ ਵਾਲੀ ਕਾਰਬਨ ਡਾਈਆਕਸਾਈਡ ਵੀ ਖਤਮ ਹੋ ਸਕੇ ਅਤੇ ਸਰਦੀਆਂ ਦੇ ਮੌਸਮ 'ਚ ਹੋਣ ਵਾਲੀ ਧੁੰਦ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਵੀ ਬਚਿਆ ਜਾ ਸਕੇ।
ਇੰਝ ਹੋਵੇਗੀ ਸੜੀ ਪਰਾਲੀ ਦੀ ਵਰਤੋਂ
ਡਾ. ਮਨੇਕਾ ਵਲੋਂ ਤਿਆਰ ਕੀਤੇ ਗਏ ਯੰਤਰ 'ਚ ਪਰਾਲੀ ਨੂੰ ਸਾੜਿਆ ਤਾਂ ਜਾਵੇਗਾ ਪਰ ਆਮ ਤਰੀਕੇ ਨਾਲ ਨਹੀਂ। ਜਿੱਥੇ ਪਰਾਲੀ ਨੂੰ ਅੱਗ ਲਾਈ ਜਾਵੇਗੀ, ਉਸ ਦੇ ਉੱਪਰ ਇਕ ਸਾਲਿਊਸ਼ਨ ਲਾਇਆ ਜਾਵੇਗਾ, ਜਿਸ 'ਚ ਪਰਾਲੀ ਨੂੰ ਸਾੜਨ ਤੋਂ ਬਾਅਦ ਨਿਕਲਣ ਵਾਲੀ ਗੈਸ ਇਕੱਠੀ ਹੋਵੇਗੀ। ਸੜਨ ਤੋਂ ਬਾਅਦ ਜੋ ਰਾਖ ਬਚੇਗੀ, ਉਸ 'ਚ ਸੀਮੈਂਟ ਪਾ ਕੇ ਉਸ ਨੂੰ ਮਿਕਸ ਕੀਤਾ ਜਾਵੇਗਾ ਅਤੇ ਇੱਟਾਂ ਦੇ ਸਾਂਚੇ 'ਚ ਢਾਲਿਆ ਜਾਵੇਗਾ। ਜਿਹੜੀ ਕਾਰਬਨ ਡਾਈਆਕਸਾਈਡ ਸਾਲਿਊਸ਼ਨ 'ਚ ਜਮ੍ਹਾਂ ਹੋਵੇਗੀ, ਉਸ 'ਚ ਇਕ ਵਿਸ਼ੇਸ਼ ਤਰ੍ਹਾਂ ਦਾ ਤਰਲ ਪਦਾਰਥ ਪੈਦਾ ਹੋਵੇਗਾ, ਜਿਸ 'ਚ ਕੁਝ ਸੋਡਾ ਪਾ ਕਾ ਕੱਪੜੇ ਧੋਣ ਵਾਲਾ ਸਾਬਣ ਅਤੇ ਡਿਟਰਜੈਂਟ ਬਣਾਏ ਜਾਣਗੇ। ਡਾ. ਮੇਨਕਾ ਨੇ ਦੱਸਿਆ ਕਿ ਪਰਾਲੀ ਨੂੰ ਸਾੜ ਕੇ ਬਣਾਈਆਂ ਗਈਆਂ ਇੱਟਾਂ ਅਤੇ ਸਾਬਣ ਨੂੰ ਫਾਈਨਲ ਟੈਸਟ ਲਈ ਭੇਜਿਆ ਜਾ ਚੁੱਕਿਆ ਹੈ ਅਤੇ ਜੇਕਰ ਇਹ ਪਾਸ ਹੋ ਜਾਂਦੀ ਹੈ ਤਾਂ ਪੂਰਾ ਸਾਲ ਪਰਾਲੀ ਤੋਂ ਬਣੀਆਂ ਇੱਟਾਂ ਮਾਰਕਿਟ 'ਚ ਮੁਹੱਈਆ ਹੋਣਗੀਆਂ ਅਤੇ ਇਸ ਦੇ ਨਾਲ ਹੀ ਇਨ੍ਹਾਂ ਨੂੰ ਪਿੰਡ ਦੇ ਲੋਕ ਜਾਂ ਫਿਰ ਇੱਟ-ਭੱਠਿਆਂ 'ਤੇ ਵੱਡੇ ਪੱਧਰ 'ਤੇ ਇਸਤੇਮਾਲ ਕੀਤਾ ਜਾ ਸਕੇਗਾ।
ਆਮ ਇੱਟਾਂ ਨਾਲੋਂ ਕਿਤੇ ਮਜ਼ਬੂਤ ਹੋਣਗੀਆਂ ਪਰਾਲੀ ਦੀਆਂ ਇੱਟਾਂ
ਡਾ. ਮੇਨਕਾ ਨੇ ਦੱਸਿਆ ਕਿ ਪਰਾਲੀ ਦੀ ਸੁਆਹ ਤੋਂ ਜੇਕਰ ਇੱਟਾਂ ਬਣਾਈਆਂ ਜਾਂਦੀਆਂ ਹਨ ਤਾਂ ਇਹ ਆਮ ਇੱਟਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੋਣਗੀਆਂ ਕਿਉਂਕਿ ਉਨ੍ਹਾਂ 'ਚ ਇਕ ਤਾਂ ਸੀਮੈਂਟ ਇਸਤੇਮਾਲ ਹੋਵੇਗਾ ਅਤੇ ਦੂਜਾ ਪਰਾਲੀ ਦੀ ਸੁਆਹ ਪਾਉਣ 'ਤੇ ਉਹ ਜਲਦੀ ਗਲਣਗੀਆਂ ਨਹੀਂ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਮਿੱਟੀ ਦੇ ਮਕਾਨ ਬਣਾਉਂਦੇ ਹਨ। ਮਿੱਟੀ ਦੀਆਂ ਇੱਟਾਂ ਦੀ ਥਾਂ ਜੇਕਰ ਇਨ੍ਹਾਂ ਇੱਟਾਂ ਦਾ ਇਸਤੇਮਾਲ ਹੋਵੇਗਾ ਤਾਂ ਘਰ ਦੀਆਂ ਬਾਹਰੀ ਕੰਧਾਂ ਦੀ ਮੁਰੰਮਤ ਹੀ ਲੋੜ ਨਹੀਂ ਪਵੇਗੀ।