ਪੰਜਾਬ ਸਰਕਾਰ ਤੇ ਟਰੱਕ ਅਪਰੇਟਰਾਂ ਵਿਚਾਲੇ ਹੋਏ ਸਮਝੌਤੇ ਤੋਂ ਬਾਅਦ ਸ਼ੰਭੂ ਬਾਰਡਰ ਤੋਂ ਧਰਨਾ ਹੋਇਆ ਖਤਮ
Wednesday, Jan 04, 2023 - 08:23 PM (IST)
ਪਟਿਆਲਾ (ਪਰਮੀਤ) : ਪੰਜਾਬ 'ਚ ਟਰੱਕ ਯੂਨੀਅਨਾਂ ਖਤਮ ਕਰਨ ਦੇ ਫ਼ੈਸਲੇ ਤੋਂ ਭੜਕੇ ਟਰੱਕ ਅਪਰੇਟਰਾਂ ਵੱਲੋਂ ਸ਼ੰਭੂ ਬਾਰਡਰ ’ਤੇ ਧਰਨਾ ਲਗਾਉਣ ਉਪਰੰਤ ਅੱਜ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਹੇਠ ਮੰਤਰੀਆਂ ਦੀ ਕਮੇਟੀ ਦੀ ਟਰੱਕ ਅਪਰੇਟਰ ਯੂਨੀਅਨਾਂ ਦੇ ਆਗੂਆਂ ਨਾਲ ਹੋਈ ਲੰਬੀ ਮੀਟਿੰਗ ਮਗਰੋਂ ਦੋਵਾਂ ਧਿਰਾਂ ਦਰਮਿਆਨ ਸਮਝੌਤਾ ਦੇਰ ਰਾਤ ਸਿਰੇ ਚੜ੍ਹ ਗਿਆ ਜਿਸ ਮਗਰੋਂ ਟਰੱਕ ਅਪਰੇਟਰਾਂ ਨੇ ਸ਼ੰਭੂ ਧਰਨਾ 5 ਜਨਵਰੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ।
ਪੰਜਾਬ ਸਰਕਾਰ ਵੱਲੋਂ ਵਿਕਾਸ ਗਰਗ ਪ੍ਰਮੁੱਖ ਸਕੱਤਰ ਵੱਲੋਂ ਲਿਖਤੀ ਤੌਰ ’ਤੇ ਇਹ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ 'ਚ ਟਰੱਕ ਅਪਰੇਟਰਾਂ ਦਾ ਕੰਮਕਾਜ ਜਾਰੀ ਰਹੇਗਾ ਅਤੇ ਉਨ੍ਹਾਂ ਦੇ ਕੰਮਕਾਜ 'ਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਇਹ ਫ਼ੈਸਲਾ ਅੱਜ ਮੰਤਰੀਆਂ ਨਾਲ ਹੋਈ ਮੀਟਿੰਗ 'ਚ ਲਿਆ ਗਿਆ। ਮੀਟਿੰਗ 'ਚ ਹਰਪਾਲ ਚੀਮਾ ਤੋਂ ਇਲਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਤੋਂ ਇਲਾਵਾ ਵਿਧਾਇਕ ਗੁਰਲਾਲ ਘਨੌਰ ਵੀ ਸ਼ਾਮਲ ਸਨ। ਟਰੱਕ ਅਪਰੇਟਰਾਂ ਵੱਲੋਂ ਪਰਮਜੀਤ ਸਿੰਘ ਫਾਜ਼ਿਲਕਾ, ਹੈਪੀ ਸੰਧੂ, ਰਾਣਾ ਪੰਜੇਟਾ ਅਤੇ ਹੋਰ ਆਗੂ ਮੀਟਿੰਗ 'ਚ ਸ਼ਾਮਲ ਸਨ।
ਇਸ ਮੀਟਿੰਗ 'ਚ ਫ਼ੈਸਲਾ ਲਿਆ ਗਿਆ ਕਿ ਨਵੀਂ ਟਰਾਂਸਪੋਰਟ ਨੀਤੀ ਬਣਾਉਣ ਲਈ 11 ਮੈਂਬਰੀ ਕਮੇਟੀ ਗਠਿਤ ਹੋਵੇਗੀ ਜਿਸ 'ਚ ਟਰੱਕ ਅਪਰੇਟਰਾਂ ਦੇ 4 ਨੂਮਾਇੰਦੇ ਅਤੇ ਇੰਡਸਟਰੀ ਦੇ 3 ਨੁਮਾਇੰਦੇ ਅਤੇ ਸਬੰਧਤ ਵਿਭਾਗਾਂ ਦੇ 4 ਅਧਿਕਾਰੀ ਸ਼ਾਮਲ ਹੋਣਗੇ। ਇਹ ਕਮੇਟੀ ਇਕ ਮਹੀਨੇ ਦੇ ਅੰਦਰ-ਅੰਦਰ ਆਪਣੀ ਰਿਪੋਰਟ ਦੇਵੇਗੀ। ਪੰਜਾਬ ਸਰਕਾਰ ਵੱਲੋਂ ਲਿਖਤੀ ਭਰੋਸਾ ਦੇਣ ਤੋਂ ਬਾਅਦ ਟਰੱਕ ਅਪਰੇਟਰਾਂ ਨੇ ਸ਼ੰਭੂ ਬਾਰਡਰ ਤੋਂ ਧਰਨਾ 5 ਜਨਵਰੀ ਨੂੰ ਸਵੇਰੇ 10.00 ਵਜੇ ਚੁੱਕਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਲਿਖਤੀ ਭਰੋਸੇ ’ਤੇ ਵਿਸ਼ਵਾਸ ਕਰਕੇ ਆਪਣਾ ਸੰਘਰਸ਼ ਖਤਮ ਕਰ ਰਹੇ ਹਨ। ਉਨ੍ਹਾਂ ਨੇ ਸੰਘਰਸ਼ ਨੂੰ ਟਰੱਕ ਅਪਰੇਟਰਾਂ ਦੀ ਵੱਡੀ ਜਿੱਤ ਕਰਾਰ ਦਿੱਤਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।