ਆਵਾਰਾ ਕੁੱਤਿਆਂ ਨੇ 6 ਸਾਲ ਦੇ ਲੜਕੇ ਨੂੰ ਨੋਚਿਆ

Wednesday, Dec 04, 2019 - 12:32 PM (IST)

ਆਵਾਰਾ ਕੁੱਤਿਆਂ ਨੇ 6 ਸਾਲ ਦੇ ਲੜਕੇ ਨੂੰ ਨੋਚਿਆ

ਮੋਗਾ (ਗੋਪੀ ਰਾਊਕੇ, ਭਿੰਡਰ): ਮਾਲਵਾ ਖਿੱਤੇ 'ਚ ਆਵਾਰਾ ਕੁੱਤਿਆਂ ਦਾ ਖੌਫ ਇੰਨਾ ਵੱਧਦਾ ਜਾ ਰਿਹਾ ਹੈ ਕਿ ਹਰ ਗਲੀ-ਮੁਹੱਲੇ 'ਚ ਫਿਰਦੇ ਆਵਾਰਾ ਕੁੱਤਿਆਂ ਦੇ ਡਰ ਕਰ ਕੇ ਜਿਥੇ ਛੋਟੇ ਬੱਚਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ, ਉਥੇ ਹੀ ਆਵਾਰਾ ਕੁੱਤਿਆਂ ਨੇ ਪਿੰਡ ਦਾਤਾ ਦੇ 6 ਸਾਲ ਦੇ ਲੜਕੇ ਨੂੰ ਨੋਚ ਲਿਆ, ਜੋ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਤੇ ਪਿੰਡ ਦੇ ਸਾਬਕਾ ਸਰਪੰਚ ਗੁਰਿੰਦਰ ਸਿੰਘ ਗੱਗੂ ਦਾਤਾ ਨੇ ਦੱਸਿਆ ਕਿ ਹਰਮਨ ਸਿੰਘ (6) ਪੁੱਤਰ ਗੋਬਿੰਦ ਸਿੰਘ ਆਪਣੇ ਘਰ ਨੇੜੇ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਅਚਾਨਕ ਆਵਾਰਾ ਕੱਤਿਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਉਸ ਦੇ ਸਿਰ ਦਾ ਕਾਫੀ ਹਿੱਸਾ ਖਾ ਗਏ।

11 ਮਹੀਨਿਆਂ 'ਚ 3790 ਵਿਅਕਤੀਆਂ ਨੂੰ ਕੁੱਤਿਆਂ ਨੇ ਵੱਢਿਆ
ਸਰਕਾਰੀ ਤੌਰ 'ਤੇ ਪ੍ਰਾਪਤ ਵੇਰਵੇ ਹੈਰਾਨ ਕਰਨ ਵਾਲੇ ਹਨ। ਇਕੱਲੇ ਮੋਗਾ ਜ਼ਿਲੇ 'ਚ ਹੀ ਇਸ ਸਾਲ ਦੇ 11 ਮਹੀਨਿਆਂ ਦੌਰਾਨ ਆਵਾਰਾ ਕੁੱਤਿਆਂ ਵੱਲੋਂ 3790 ਵਿਅਕਤੀਆਂ ਨੂੰ ਵੱਢਣ ਦੀ ਘਟਨਾਵਾਂ ਸਾਹਮਣੇ ਆਈਆਂ ਹਨ। ਇਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਹੀ ਜ਼ਿਲੇ 'ਚ ਹੀ ਇਕ 2 ਸਾਲ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਸੀ ਅਤੇ ਕੁੱਝ ਵਰ੍ਹੇ ਪਹਿਲਾਂ ਵੀ ਅਜਿਹੀ ਹੀ ਘਟਨਾ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਨੰਗਲ ਵਿਖੇ ਵੀ ਵਾਪਰੀ ਸੀ।

ਸਰਕਾਰ ਅਤੇ ਪ੍ਰਸ਼ਾਸਨ ਦਾ ਸਮੱਸਿਆ ਵੱਲ ਧਿਆਨ ਨਹੀਂ
ਸਰਕਾਰ ਅਤੇ ਪ੍ਰਸ਼ਾਸਨ ਦਾ ਇਸ ਸਮੱਸਿਆ ਵੱਲ ਧਿਆਨ ਨਹੀਂ ਹੈ। ਇਹ ਪ੍ਰਗਟਾਵਾ ਅਖਿਲ ਭਾਰਤੀ ਹਿੰਦੂ ਸੁਰੱਖਿਆ ਸੰਮਤੀ ਦੇ ਸੰਗਠਨ ਮੰਤਰੀ ਹਿਤੇਸ਼ ਸੂਦ ਨੇ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਮਾਮਲੇ 'ਤੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ ਕਿਉਂਕਿ ਆਵਾਰਾ ਕੁੱਤਿਆਂ ਦੇ ਹਮਲਿਆਂ ਤੋਂ ਪੀੜਤਾਂ ਦੀ ਗਿਣਤੀ ਹਰ ਵਰ੍ਹੇ ਵੱਧਦੀ ਜਾ ਰਹੀ ਹੈ।


author

Shyna

Content Editor

Related News