ਨਾੜ ਦੀ ਸਮੱਸਿਆ ਹੱਲ ਕਰੀ ਬੈਠਾ ਇਹ ਕਿਸਾਨ, ਪਰ ਸਰਕਾਰ ਨੇ ਮੋੜਿਆ ਮੂੰਹ (ਤਸਵੀਰਾਂ)

Sunday, Jun 02, 2019 - 04:21 PM (IST)

ਨਾੜ ਦੀ ਸਮੱਸਿਆ ਹੱਲ ਕਰੀ ਬੈਠਾ ਇਹ ਕਿਸਾਨ, ਪਰ ਸਰਕਾਰ ਨੇ ਮੋੜਿਆ ਮੂੰਹ (ਤਸਵੀਰਾਂ)

ਸੁਲਤਾਨਪੁਰ ਲੋਧੀ (ਸੋਨੂੰ)— ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਆਪਣੀ ਪਰਾਲੀ ਅਤੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਪ੍ਰੇਰਿਤ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਇਕ ਕਿਸਾਨ ਵੱਲੋਂ ਬਣਾਈ ਮਸ਼ੀਨ ਨੂੰ ਕਿਸਾਨਾਂ ਨੂੰ ਦੇਣ ਲਈ ਪੰਜਾਬ ਸਰਕਾਰ ਗੰਭੀਰ ਨਹੀਂ ਹੈ। ਸੁਲਤਾਨਪੁਰ ਲੋਧੀ ਦੇ ਇਕ ਕਿਸਾਨ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਕਰੀਬ ਸਾਢੇ ਚਾਰ ਲੱਖ ਰੁਪਏ ਦੇ ਕੀਮਤ ਵਾਲੀ ਪਰਾਲੀ ਅਤੇ ਨਾੜ ਤੋਂ ਤੂੜੀ ਬਣਾਉਣ ਦੀ ਮਸ਼ੀਨ ਤਿਆਰ ਕੀਤੀ ਗਈ ਹੈ ਪਰ ਪੰਜਾਬ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਹੋਇਆ ਕਿਸਾਨ ਕੰਮ ਬੰਦ ਕਰਨ ਨੂੰ ਮਜਬੂਰ ਹੋ ਗਿਆ ਹੈ। ਕਿਸਾਨ ਤਲਵਿੰਦਰ ਸਿੰਘ ਵੱਲੋਂ 8 ਸਾਲ ਦੀ ਮਿਹਨਤ ਅਤੇ ਕਰੀਬ ਇਕ ਕਰੋੜ ਰੁਪਏ ਖਰਚ ਕਰਨ ਤੋਂ ਬਾਅਦ ਪਰਾਲੀ ਅਤੇ ਨਾੜ ਤੋਂ ਤੂੜੀ ਬਣਾਉਣ ਦੀ ਮਸ਼ੀਨ ਤਿਆਰ ਕੀਤੀ ਗਈ। ਇਸ ਦੀ ਕੀਮਤ ਕਰੀਬ ਸਾਢੇ ਚਾਰ ਲੱਖ ਰੁਪਏ ਬਣਦੀ ਹੈ। ਤਲਵਿੰਦਰ ਨੇ ਦੱਸਿਆ ਕਿ ਇਸ ਮਸ਼ੀਨ ਨਾਲ ਨਾ ਹੀ ਅੱਗ ਨਾਲ ਪ੍ਰਦੂਸ਼ਣ ਫੈਲੇਗਾ ਸਗੋਂ ਇਸ 'ਚੋਂ ਨਿਕਲੀ ਤੂੜੀ ਨਾਲ ਖਾਦ ਵੀ ਬਣੇਗੀ, ਜਿਸ ਨਾਲ ਫਸਲ ਚੰਗੀ ਹੋਵੇਗੀ। ਇਸ ਮਸ਼ੀਨ ਨੂੰ ਬਣਾਏ ਹੋਏ ਕਈ ਸਾਲ ਹੋ ਚੁੱਕੇ ਹਨ ਅਤੇ ਤਲਵਿੰਦਰ ਵੱਲੋਂ ਜ਼ਿਲੇ ਦੇ ਡਿਪਟੀ ਕਮਿਸ਼ਨਰ, ਖੇਤੀ ਵਿਭਾਗ ਸਮੇਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਨਤੀਜਾ ਜ਼ੀਰੋ ਹੀ ਹੈ। 

PunjabKesari
ਤਲਵਿੰਦਰ ਦੀ ਮੰਨੀਏ ਤਾਂ ਕਿਸਾਨ ਇਸ ਮਸ਼ੀਨ ਦਾ ਡੈਮੋ ਲੈ ਚੁੱਕੇ ਹਨ ਅਤੇ ਉਹ ਇਸ ਮਸ਼ੀਨ ਨੂੰ ਖਰੀਦਣਾ ਚਾਹੁੰਦੇ ਹਨ ਪਰ ਸਰਕਾਰ ਇਸ 'ਤੇ ਸਬਸਿਡੀ ਨਹੀਂ ਦੇ ਰਹੀ, ਜਿਸ ਦੇ ਚਲਦਿਆਂ ਤਲਵਿੰਦਰ ਦਾ ਤਾਂ ਨੁਕਸਾਨ ਹੀ ਹੋ ਚੁੱਕਾ ਹੈ, ਇਸ ਦੇ ਨਾਲ ਹੀ ਸਰਕਾਰ ਦੇ ਇਸ ਰਵੱਈਏ ਨਾਲ ਉਹ ਨਾਖੁਸ਼ ਹਨ। 

PunjabKesari
ਤੁਹਾਨੂੰ ਦੱਸ ਦੇਈਏ ਤਲਵਿੰਦਰ ਨੇ ਇਸ ਮਸ਼ੀਨ ਨੂੰ ਤਿਆਰ ਕਰਨ ਲਈ ਮਸ਼ੀਨਰੀ ਵੀ ਖਰੀਦ ਲਈ ਹੈ ਅਤੇ ਇਸ ਦੇ ਡਿਜ਼ਾਇਨ ਨੂੰ ਪੇਟੈਂਟ ਵੀ ਕਰਵਾ ਲਿਆ ਹੈ। ਹੁਣ ਤਲਵਿੰਦਰ ਦੀਆਂ ਨਜ਼ਰਾਂ ਸਰਕਾਰ ਦੀ ਅਣਦੇਖੀ ਤੋਂ ਬਾਅਦ ਪ੍ਰਵਾਸੀ ਭਾਰਤੀਆਂ 'ਤੇ ਟਿਕੀਆਂ ਹਨ ਕਿ ਸ਼ਾਇਦ ਉਹ ਹੀ ਉਸ ਦੀ ਕੁਝ ਮਦਦ ਕਰ ਦੇਣ ਤਾਂਕਿ ਕਿਸਾਨ ਉਨ੍ਹਾਂ ਤੋਂ ਮਸ਼ੀਨ ਖਰੀਦ ਕੇ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਕਰ ਸਕੇ।


author

shivani attri

Content Editor

Related News