ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦਾ ਸੰਦੇਸ਼ ਇੰਝ ਦੇ ਰਿਹੈ ਹੁਸ਼ਿਆਰਪੁਰ ਦਾ ਇਹ ਸੂਝਵਾਨ ਕਿਸਾਨ
Wednesday, Oct 07, 2020 - 06:32 PM (IST)
ਹੁਸ਼ਿਆਰਪੁਰ (ਅਮਰੀਕ)— ਵਾਤਾਵਰਣ ਨੂੰ ਸੁਰੱਖਿਅਤ ਰੱਖਣ ਨੂੰ ਲੈ ਕੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਕਿਸਾਨ ਦਲੇਰ ਸਿੰਘ ਹੋਰਾਂ ਲਈ ਵੀ ਮਿਸਾਲ ਬਣਿਆ ਹੈ। ਕਿਸਾਨ ਦਲੇਰ ਸਿੰਘ ਨੇ ਪਿਛਲੇ 5 ਸਾਲਾ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਕਿਸਾਨਾਂ ਨੂੰ ਵਾਤਾਵਰਣ ਦੀ ਸਾਂਭ-ਸੰਭਾਲ ਦਾ ਸੰਦੇਸ਼ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਸਿਹਤਮੰਦ ਅਤੇ ਤੰਦਰੁਸਤ ਬਣਾਉਣ ਲਈ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਵਾਧਾ ਦਿੰਦੇ ਹੋਏ ਮਾਹਿਲਪੁਰ ਦੇ ਪਿੰਡ ਕੋਟਲਾ ਦਾ 35 ਸਾਲਾ ਕਿਸਾਨ ਦਲੇਰ ਸਿੰਘ ਪਿਛਲੇ 5 ਸਾਲਾਂ ਤੋਂ ਬਿਨਾਂ ਪਰਾਲੀ ਨੂੰ ਅੱਗ ਲਗਾਏ ਆਪਣੀ 70 ਏਕੜ ਜ਼ਮੀਨ 'ਤੇ ਖੇਤੀ ਕਰ ਰਿਹਾ ਹੈ।
ਇਹ ਵੀ ਪੜ੍ਹੋ: ਢਾਬੇ ਤੋਂ ਖਾਣਾ ਖਾ ਕੇ ਘਰ ਪਰਤ ਰਹੇ ਦੋਸਤਾਂ ਨਾਲ ਵਾਪਰੀ ਅਣਹੋਣੀ, ਪਰਿਵਾਰ 'ਚ ਪੈ ਗਏ ਵੈਣ
ਨੌਜਵਾਨ ਕਿਸਾਨ ਦਲੇਰ ਸਿੰਘ ਵੱਲੋਂ ਵਾਤਾਵਰਣ ਸੰਭਾਲ ਲਈ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਨਾ ਜਲਾਉਣ ਲਈ ਪ੍ਰੇਰਿਤ ਕੀਤਾ ਹੈ। ਇਹੀ ਕਾਰਨ ਹੈ ਕਿ ਇਸ ਪਿੰਡ 'ਚ ਕੋਈ ਵੀ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦਾ ਹੈ। ਨੌਜਵਾਨ ਕਿਸਾਨ ਦਲੇਰ ਸਿੰਘ ਵੱਲੋਂ ਝੋਨੇ ਦੀ ਪਰਾਲੀ ਨੂੰ ਜਲਾਉਣ ਦੀ ਬਜਾਏ ਸਿੱਧੀ ਕਣਕ ਦੀ ਬਿਜਾਈ ਕਰਕੇ ਨਾ ਸਿਰਫ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਦੀ ਪਹਿਲ ਕੀਤੀ ਗਈ, ਸਗੋਂ ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਰਕਰਾਰ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ 'ਚ 'ਸੰਨੀ ਦਿਓਲ' ਨੇ ਵਰਤਾਇਆ ਲੰਗਰ, ਕਿਸਾਨਾਂ ਨੇ ਰੱਜ ਕੇ ਕੀਤੀ ਵਡਿਆਈ
ਦਲੇਰ ਸਿੰਘ ਵੱਲੋਂ ਚੁੱਕੇ ਗਏ ਕਦਮਾਂ ਕਾਰਨ ਉਸ ਦੀ ਆਲੋਚਨਾ ਕਰ ਰਹੇ ਕਿਸਾਨਾਂ ਨੇ ਵੀ ਇਸ ਪ੍ਰਗਤੀਸ਼ੀਲ ਤਕਨੀਕ ਨੂੰ ਆਪਣਾ ਲਿਆ ਹੈ। ਹੁਣ ਪਿੰਡ ਕੋਟਲਾ ਤੋਂ ਇਲਾਵਾ ਨਜ਼ਦੀਕੀ ਪਿੰਡਾਂ ਦੇ ਕਿਸਾਨ ਵੀ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸੁਪਰ ਐੱਸ. ਐੱਮ. ਐੱਸ ਰਾਹੀਂ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੈਪੀ ਸੀਡਰ ਦੀ ਮਦਦ ਨਾਲ ਕਣਕ ਦੀ ਸਿੱਧੀ ਬਿਜਾਈ ਕਰਦੇ ਹਨ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਦਿਨ-ਦਿਹਾੜੇ ਖੇਡੀ ਗਈ ਖ਼ੂਨੀ ਖੇਡ, ਸ਼ਰੇਆਮ ਗੋਲੀਆਂ ਨਾਲ ਭੁੰਨਿਆ ਨੌਜਵਾਨ
ਕੰਵਲਜੀਤ ਸਿੰਘ ਖੇਤੀਬਾੜੀ ਮਾਹਿਰ ਨੇ ਦਲੇਰ ਸਿੰਘ ਦੀ ਸ਼ਲਾਘਾ ਕਰਦੇ ਕਿਹਾ ਕਿ ਬਾਕੀ ਕਿਸਾਨ ਵੀ ਆਧੁਨਿਕ ਤਕਨੀਕਾਂ ਨੂੰ ਅਪਣਾਉਂਦੇ ਹੋਏ ਪਰਾਲੀ ਨਾ ਜਲਾਉਣ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਇਸ ਨਾਲ ਕਈ ਬੀਮਾਰੀਆਂ ਪੈਦਾ ਹੁੰਦੀਆਂ ਹਨ। ਇਸ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ ਕਿਉਂਕਿ ਜ਼ਮੀਨ ਦੇ ਮਿੱਤਰ ਕੀੜੇ ਅੱਗ ਲਗਾਉਣ ਨਾਲ ਮਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾ ਸਕਦਾ ਹੈ।
ਦਲੇਰ ਸਿਘ ਨੇ ਦੱਸਿਆ ਕਿ ਰਬੀ 2017 ਦੌਰਾਨ ਪਹਿਲੀ ਵਾਰ ਉਨ੍ਹਾਂ ਝੋਨੇ ਦੀ ਪਰਾਲੀ 'ਚ ਕਣਕ ਦੀ ਸਿੱਧੀ ਬਿਜਾਈ 70 ਏਕੜ ਜ਼ਮੀਨ 'ਚ ਸਫ਼ਲਤਾਪੂਰਵਕ ਕੀਤੀ ਸੀ। ਉਸ ਨੇ ਦੱਸਿਆ ਕਿ ਸੁਪਰ ਐੱਸ. ਐੱਮ. ਐੱਸ. (ਸਟਰਾ ਮੈਨੇਜਮੈਂਟ ਸਿਸਟਮ) ਕੰਬਾਇਨ ਨਾਲ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਹੈਪੀ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਦਾ ਤਰੀਕਾ ਬਹੁਤ ਹੀ ਆਸਾਨ ਹੈ। ਉਨ੍ਹਾਂ ਕਿਹਾ ਕਿ ਹੈਪੀ ਸੀਡਰ ਤਕਨੀਕ ਵਿਧੀ ਨਾਲ ਕਣਕ ਦੀ ਬਿਜਾਈ ਤੋਂ ਬਹਾਈ ਦਾ ਖਰਚਾ ਘੱਟ ਹੋਣ ਦੇ ਨਾਲ-ਨਾਲ ਨਦੀਨਾਂ ਦੀ ਸਮੱਸਿਆ ਤੋਂ ਵੀ ਨਿਜ਼ਾਤ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ: ਨਸ਼ੇ ਕਾਰਨ ਘਰ 'ਚ ਪਏ ਕੀਰਨੇ, ਨੌਜਵਾਨ ਨੂੰ ਇਸ ਹਾਲ 'ਚ ਵੇਖ ਪਰਿਵਾਰ ਦੇ ਉੱਡੇ ਹੋਸ਼
ਉਨ੍ਹਾਂ ਦੱਸਿਆ ਕਿ ਸ਼ੁਰੂਆਤ 'ਚ ਹੈਪੀ ਸੀਡਰ ਦੀ ਬਿਜਾਈ ਨਾਲ ਕਣਕ ਦੀ ਬਿਜਾਈ ਨੂੰ ਵੇਖ ਕੇ ਉਸ ਦੇ ਸਾਥੀ ਕਿਸਾਨ ਆਲੋਚਨਾ ਕਰਦੇ ਸਨ ਪਰ ਬਾਅਦ 'ਚ ਝੋਨੇ ਦੀ ਪਰਾਲੀ 'ਚ ਕਣਕ ਦੇ ਪੈਦਾ ਹੋਣ 'ਤੇ ਆਲੋਚਨਾ ਕਰਨ ਵਾਲੇ ਕਿਸਾਨ ਹੈਰਾਨ ਰਹਿ ਗਏ ਅਤੇ ਇਸ ਵਿਧੀ ਨੂੰ ਅਪਣਾਉਣ ਲਈ ਪ੍ਰੇਰਿਤ ਹੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਹੈਪੀ ਸੀਡਰ, ਸੁਪਰ ਸੀਡਰ ਤੋਂ ਇਲਾਵਾ ਦੋ ਕੰਬਾਇਨਾਂ ਹਨ, ਜਿਸ 'ਤੇ ਐੱਸ. ਐੱਮ. ਐੱਸ ਲੱਗਾ ਹੋਇਆ ਹੈ। ਇਸ ਤੋਂ ਇਲਾਵਾ ਉਹ ਆਪਣੇ ਪਿੰਡ ਅਤੇ ਨੇੜਲੇ ਪਿੰਡਾਂ 'ਚ ਵੀ ਸੁਪਰ ਐੱਸ. ਐੱਮ. ਐੱਸ (ਕੰਬਾਇਨ 'ਤੇ ਲੱਗਣ ਵਾਲਾ ਯੰਤਰ) ਕੰਬਾਇਨ ਨਾਲ ਝੋਨੇ ਦੀ ਕਟਾਈ ਕਰਦਾ ਹੈ।