ਚੰਡੀਗੜ੍ਹ : ਪੁੱਤ ਨੇ ਕੈਮਰੇ 'ਚ ਕੈਦ ਕੀਤੀ ਮਤਰੇਈ ਮਾਂ ਦੀ ਹੈਵਾਨੀਅਤ, ਪਿਤਾ ਸਾਹਮਣੇ ਲਿਆਂਦਾ ਅਸਲ ਚਿਹਰਾ (ਵੀਡੀਓ)

Monday, Dec 04, 2017 - 02:46 PM (IST)

ਚੰਡੀਗੜ੍ਹ (ਸੰਦੀਪ/ਮਨਮੋਹਨ) : ਸ਼ਹਿਰ ਦੇ ਸੈਕਟਰ-29 'ਚ ਇਕ ਮਤਰੇਈ ਮਾਂ ਦੀ ਹੈਵਾਨੀਅਤ ਸਾਹਮਣੇ ਆਈ ਹੈ, ਜਿਸ ਦੀ ਬੇਟੇ ਨੇ ਵੀਡੀਓ ਬਣਾ ਲਈ ਅਤੇ ਆਪਣੇ ਪਿਤਾ ਨੂੰ ਦਿਖਾ ਦਿੱਤੀ। ਫਿਲਹਾਲ ਇਸ ਘਟਨਾ ਦੀ ਸ਼ਿਕਾਇਤ ਪੁਲਸ ਤੱਕ ਪੁੱਜ ਗਈ ਹੈ। ਜਾਣਕਾਰੀ ਮੁਤਾਬਕ ਮਨਮੋਹਨ ਸਿੰਘ ਦੇ ਘਰ ਇਕ ਬੇਟਾ ਅਤੇ ਇਕ ਬੇਟੀ ਹੈ। ਉਸ ਦੀ ਪਤਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਕਰਕੇ ਬੱਚਿਆਂ ਲਈ ਮਤਰੇਈ ਮਾਂ ਲੈ ਆਂਦੀ। ਮਤਰੇਈ ਮਾਂ ਅਕਸਰ ਮਨਮੋਹਨ ਸਿੰਘ ਦੇ ਬੇਟੇ ਅਤੇ ਬੇਟੀ ਨਾਲ ਕੁੱਟਮਾਰ ਕਰਦੀ ਸੀ ਅਤੇ ਉਨ੍ਹਾਂ ਨੂੰ ਬਹੁਤ ਤੰਗ ਕਰਦੀ ਸੀ। ਮਨਮੋਹਨ ਸਿੰਘ ਦੇ ਬੇਟੇ ਨੇ ਕਈ ਵਾਰ ਆਪਣੇ ਪਿਤਾ ਨੂੰ ਇਹ ਗੱਲ ਦੱਸੀ ਪਰ ਪਿਤਾ ਨੇ ਬੇਟੇ ਦੀ ਗੱਲ 'ਤੇ ਕੋਈ ਯਕੀਨ ਨਹੀਂ ਕੀਤਾ। ਆਪਣੀ ਮਤਰੇਈ ਮਾਂ ਤੋਂ ਤੰਗ ਆ ਕੇ ਬੇਟੇ ਨੇ ਉਸ ਦੀਆਂ ਜ਼ਿਆਦਤੀਆਂ ਦੀ ਇਕ ਵੀਡੀਓ ਬਣਾ ਲਈ। ਇਸ ਵੀਡੀਓ 'ਚ ਔਰਤ 5 ਸਾਲਾ ਬੱਚੀ ਨੂੰ ਬੁਰੀ ਤਰ੍ਹਾਂ ਕੁੱਟਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸ ਨੂੰ ਬੈਗ 'ਚ ਬੰਦ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਨੇ ਕੁਝ ਦਿਨ ਪਹਿਲਾਂ ਬੱਚੀ ਦਾ ਪੈਰ ਵੀ ਤੋੜ ਦਿੱਤਾ ਸੀ। ਜਦੋਂ ਬੇਟੇ ਨੇ ਆਪਣੇ ਪਿਤਾ ਮਨਮੋਹਨ ਸਿੰਘ ਨੂੰ ਇਹ ਵੀਡੀਓ ਦਿਖਾਈ ਤਾਂ ਦੂਜੀ ਪਤਨੀ ਦਾ ਅਸਲ ਚਿਹਰਾ ਉਸ ਦੇ ਸਾਹਮਣੇ ਆ ਗਿਆ, ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ। ਫਿਲਹਾਲ ਪੁਲਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। 


Related News