ਡੇਰੇ ਤੋਂ ਕਿਸਾਨ ਦਾ ਟਰੈਕਟਰ ਚੋਰੀ

08/27/2017 6:28:51 AM

ਨਡਾਲਾ, (ਸ਼ਰਮਾ)- ਬੀਤੀ ਰਾਤ ਚੋਰਾਂ ਵਲੋਂ ਨਡਾਲਾ-ਰਾਏਪੁਰ ਅਰਾਈਆਂ ਸੜਕ 'ਤੇ ਪੈਂਦੇ ਡੇਰੇ ਤੋਂ ਇਕ ਕਿਸਾਨ ਦਾ ਟਰੈਕਟਰ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਕਿਸਾਨ ਸੁਰਿੰਦਰਪਾਲ ਜੋਸ਼ੀ ਪੁੱਤਰ ਮੇਘ ਰਾਜ ਜੋਸ਼ੀ ਵਾਸੀ ਪਿੰਡ ਨਡਾਲਾ ਨੇ ਦੱਸਿਆ ਕਿ ਉਸ ਨੇ ਬੀਤੀ ਰਾਤ ਰਾਏਪੁਰ ਅਰਾਈਆਂ ਸੜਕ 'ਤੇ ਸਥਿਤ ਆਪਣੇ ਡੇਰੇ 'ਤੇ ਬਣੀਆਂ ਸ਼ੈੱਡਾਂ ਹੇਠਾਂ ਆਪਣਾ ਟਰੈਕਟਰ ਖੜ੍ਹਾ ਕਰਕੇ ਨਾਲ ਪਈਆਂ ਤਵੀਆਂ ਨੂੰ ਤਾਲਾ ਲਗਾ ਕੇ ਘਰ ਆ ਗਿਆ। 
ਅੱਜ ਸਵੇਰੇ ਜਦੋਂ ਉਹ ਡੇਰੇ 'ਤੇ ਗਏ ਤਾਂ ਦੇਖਿਆ ਕਿ ਚੋਰਾਂ ਵਲੋਂ ਤਵੀਆਂ ਨਾਲੋਂ ਤਾਲਾ ਤੋੜ ਕੇ ਟਰੈਕਟਰ ਚੋਰੀ ਕਰ ਲਿਆ ਤੇ ਫਰਾਰ ਹੋ ਗਏ । ਉਸ ਨੇ ਦੱਸਿਆ ਕਿ ਇਹ ਟਰੈਕਟਰ ਉਸ ਨੇ ਦੋ ਸਾਲ ਪਹਿਲਾਂ ਨਵਾਂ ਖਰੀਦਿਆ ਸੀ ਤੇ ਇਹ ਟਰੈਕਟਰ ਉਸਦੇ ਅਤੇ ਉਸਦੇ ਭਰਾ ਹਰਜਿੰਦਰ ਪਾਲ ਜੋਸ਼ੀ ਦੇ ਨਾਮ 'ਤੇ ਹੈ , ਜਿਸ ਦੀ ਕੀਮਤ 5 ਲੱਖ ਰੁਪਏ ਹੈ, ਇਸ ਸਬੰਧੀ ਨਡਾਲਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News